‘ਆਸਥਾ’ (2016) ਇਕ ਹੋਰ ਅਦਭੁਤ ਚਮਤਕਾਰ ਜਿਸ ਨੂੰ ਨਿਵਲੇਕਲੇ ਅੰਦਾਜ਼ ਵਿਚ ਗਾਇਆ ਹੈ। ਇਸ ਵਿਚ ਡਾ: ਹਮਦਰਦ ਨੇ ਰੂਹਾਨੀਅਤ ਅਤੇ ਦੇਸ਼ ਭਗਤੀ ਦੀਆਂ ਉਨ੍ਹਾਂ ਸੁਰਾਂ ਨੂੰ ਸੰਗੀਤ-ਸੁਰਾਂ ਰਾਹੀਂ ਉਜਾਗਰ ਕੀਤਾ ਹੈ, ਜਿਹੜੀਆਂ ਸਾਡੇ ਵਿਸ਼ਵਾਸਾਂ ਅਤੇ ਸਾਡੇ ਅਕੀਦਿਆਂ ਵਿਚ ਸਦਾ ਜਿਊਂਦੀਆਂ ਹਨ। ਇਨ੍ਹਾਂ ਵਿਚ ਉਹ ਪ੍ਰਾਰਥਨਾਵਾਂ ਵੀ ਹਨ, ਜਿਹੜੀਆਂ ਭਾਰਤੀ ਜਨਮਾਨਸ ਦੀ ਉਸ ਅਰਾਧਨਾ ਵਿਚ ਸ਼ਾਮਿਲ ਹਨ, ਜਿਹੜੀ ਭਾਰਤੀ ਮਨ ਹਰ ਨਵੀਂ ਸਵੇਰ ਦੇ ਉਦੈ ਹੁੰਦਿਆਂ ਹੀ ਆਪਣੇ ਇਸ਼ਟ ਨਾਲ ਇਕਸੁਰ ਹੋਣ ਲਈ ਕਰਦਾ ਹੈ ਅਤੇ ਇਸ ਵਿਚ ਉਹ ਸੁਨੇਹਾ ਵੀ ਵਿਦਮਾਨ ਹੈ, ਜਿਹੜਾ ਸਮਾਜ ਦੀ ਬਿਹਤਰੀ ਲਈ ਹਰ ਉਸ ਵਿਅਕਤੀ ਦੇ ਅਹਿਦ ਨਾਲ ਜੁੜਿਆ ਹੋਇਆ ਹੈ, ਜਿਸ ਦੇ ਸੀਨੇ ਵਿਚ ਮਾਨਵੀ ਦਰਦ ਨਾਲ ਭਰਿਆ ਹੋਇਆ ਦਿਲ ਧੜਕਦਾ ਹੈ।
ਗੁਰਦੀਪ ਸਿੰਘ ਦੀ ਸੰਗੀਤ-ਕਲਾ ਅਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਗਾਇਨ-ਕਲਾ ਦਾ ਇਹ ਸੁੰਦਰ ਸੁਮੇਲ ਸਰੋਤਾ ਮਨ ਵਿਚ ਇਕ ਅਜਿਹਾ ਆਭਾ ਮੰਡਲ ਸਾਕਾਰ ਕਰਦਾ ਹੈ ਕਿ ਮਾਨਵੀ ਭਾਵਨਾਵਾਂ ਤਰੰਗਿਤ ਹੋ ਉਠਦੀਆਂ ਹਨ। ਇਹ ਨਿਵੇਕਲਾ ਯਤਨ ਸੰਗੀਤ ਪ੍ਰਤੀ ਮਨੁੱਖ ਦੀ ਬ੍ਰਹਿਮੰਡੀ ਆਸਥਾ ਨੂੰ ਹੋਰ ਗੂੜ੍ਹਾ ਕਰਦਾ ਹੈ।