‘ਲੋਕ ਗੀਤ’ (2016) ਡਾ: ਬਰਜਿੰਦਰ ਸਿੰਘ ਹਮਦਰਦ ਦੀ ਗਾਇਨ ਸ਼ੈਲੀ ਦਾ ਅਜਿਹਾ ਸਿਖ਼ਰ ਹੈ, ਜਿਸ ਨੇ ਸੰਗੀਤ ਜਗਤ ਨੂੰ ਝੁੰਜਲਾ ਦਿੱਤਾ। ਸਦੀਆਂ ਤੋਂ ਪੰਜਾਬੀ ਲੋਕ-ਮਨਾਂ ਵਿਚ ਵਸਦੇ ਉਨ੍ਹਾਂ ਲੋਕ-ਗੀਤਾਂ ਨੂੰ ਇਕ ਵਿਲੱਖਣ ਅੰਦਾਜ਼ ਵਿਚ ਪੇਸ਼ ਕਰਕੇ ਡਾ: ਹਮਦਰਦ ਉਸ ਕਤਾਰ ਵਿਚ ਬਹੁਤ ਉਚੇ ਹੋ ਕੇ ਖੜ੍ਹ ਗਏ, ਜਿਥੇ-ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਰੇਸ਼ਮਾ, ਸੁਰਿੰਦਰ ਕੌਰ, ਨਰਿੰਦਰ ਬੀਬਾ ਅਤੇ ਆਲਮ ਲੁਹਾਰ ਵਰਗੇ ਲੋਕ-ਗਾਇਕ ਖੜ੍ਹੇ ਸਨ। ਅੱਠ ਦਿਲਕਸ਼ ਗੀਤਾਂ ਨੂੰ ਗੁਰਦੀਪ ਸਿੰਘ ਦੀ ਸੰਗੀਤ ਕਲਾ ਨਾਲ ਮੇਚ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ, ਜਿਸ ਨੂੰ ਸੁਣ, ਵੇਖ ਕੇ ਲੋਕ-ਸੰਗੀਤ ਦੇ ਰਸੀਏ ਅਸ਼-ਅਸ਼ ਕਰ ਉਠੇ।