‘ਸ਼ਰਧਾਂਜਲੀ’ (2009) ਰਾਹੀਂ ਡਾਕਟਰ ਸਾਧੂ ਸਿੰਘ ਹਮਦਰਦ ਦੀਆਂ ਹਰਮਨ-ਪਿਆਰੀਆਂ ਗ਼ਜ਼ਲਾਂ ਨੂੰ ਗਾ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਪਿਤਰੀ ਰਿਣ ਨੂੰ ਉਤਾਰਨ ਦਾ ਇਕ ਸਫ਼ਲ ਉਪਰਾਲਾ ਕੀਤਾ। ਇਹ ਇਕ ਸਪੁੱਤਰ ਦੀ ਆਪਣੇ ਪਿਤਾ ਨੂੰ ਅਦਭੁਤ ‘ਸ਼ਰਧਾਂਜਲੀ’ ਸੀ। ਗੁਰਦੀਪ ਸਿੰਘ ਦੀ ਸੰਗੀਤ ਨਿਰਦੇਸ਼ਨਾ ਵਿਚ ਸਾਹਮਣੇ ਆਈਆਂ ਇਹ ਗ਼ਜ਼ਲਾਂ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਦੋਹਰਾ ਮਹੱਤਵ ਰੱਖਦੀਆਂ ਹਨ। ਇਕ ਤਾਂ ਉਹ ਆਪਣੇ ਮਨਾਂ ਵਿਚ ਵਸਦੇ ਪਿਛਲੀ ਸਦੀ ਦੇ ਵਿਲੱਖਣ ਗ਼ਜ਼ਲਗੋ ਡਾ: ਸਾਧੂ ਸਿੰਘ ਹਮਦਰਦ ਦੀ ਸ਼ਾਇਰੀ ਨਾਲ ਆਪਣੀ ਭਾਵੁਕ ਸਾਂਝ ਸਥਾਪਤ ਕਰਦੇ ਹਨ ਅਤੇ ਦੂਸਰੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਦਰਦ-ਭਿੰਨੀ ਆਵਾਜ਼ ਨੂੰ ਆਪਣੇ ਅੰਦਰ ਵਸਦੀ ਵੇਦਨਾ ਦੀਆਂ ਸੁਰ-ਲਹਿਰੀਆਂ ਨਾਲ ਇਕਸੁਰ ਕਰਕੇ ਆਨੰਦਿਤ ਹੁੰਦੇ ਹਨ।