ਡਾ. ਬਰਜਿੰਦਰ ਸਿੰਘ ਹਮਦਰਦ ਬਾਰੇ –
ਜਿਸ ਦਾ ਹਾਸਾ ਸੰਵਾਦ ਕਰੇ, ਉਹ ਡਾ. ਬਰਜਿੰਦਰ ਸਿੰਘ ਹਮਦਰਦ ਤੋਂ ਸਿਵਾਏ ਹੋਰ ਕੋਈ ਨਹੀਂ ਹੋ ਸਕਦਾ। ਜਿਸ ਦੀ ਕਲਮ ਸ਼ਬਦਾਂ ‘ਚ ਸੰਗੀਤ ਭਰ ਦੇਵੇ, ਉਸ ਨੂੰ ਵੀ ਹੋਰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ। ਡਾ. ਬਰਜਿੰਦਰ ਸਿੰਘ ਦੀ ਸੋਹਬਤ ‘ਚ ਸੰਜੀਦਗੀ ਅਤੇ ਹਾਸਾ ਬਹੁਤ ਨੇੜੇ ਤੋਂ ਹੋ ਕੇ ਗੁਜ਼ਰਦਾ ਹੈ। ਪੰਜਾਬੀ ਪੱਤਰਕਾਰਤਾ ਨੂੰ ਕਲਾ ਦਾ ਸਰੂਪ ਪ੍ਰਦਾਨ ਕਰਨ ਵਾਲੇ ਡਾ. ਬਰਜਿੰਦਰ ਸਿੰਘ ਹਮਦਰਦ ਪੰਜਾਬ ਦੇ ਸਾਊ ਪੁੱਤਰ ਹਨ। ਜ਼ਿੰਦਗੀ ਦੇ ਇਸ ਨਾਇਕ ਨੂੰ ਸ਼ਬਦਾਂ ਵਿਚ ਕੈਦ ਕਰਨਾ ਬਹੁਤ ਮੁਸ਼ਕਲ ਹੈ। – ਬਲਜੀਤ ਸਿੰਘ ਬਰਾੜ
ਸਾਹਿਤਕਾਰ ਅਤੇ ਪੱਤਰਕਾਰ
ਬਰਜਿੰਦਰ ਸਿੰਘ ਦੀਆਂ ਰਚਨਾਵਾਂ ਵਿਚ ਸਭ ਤੋਂ ਨਿਵੇਕਲਾ ਅਤੇ ਅਹਿਮ ਪੱਖ ਹੈ, ਮਨੁੱਖਤਾ ਲਈ ਦਰਦ। ਉਹ ਮਨੁੱਖ ਦੇ ਦਰਦ ਨੂੰ ਓਪਰੀ ਨਜ਼ਰੇ ਨਹੀਂ ਵੇਖਦੇ ਬਲਕਿ ਉਸ ਦੁੱਖ ਦੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।
“ਬਰਜਿੰਦਰ ਸਿੰਘ ਦਾ ਅਧਿਐਨ ਖੇਤਰ ਬੜਾ ਸੰਤੁਲਿਤ ਹੈ। ਇਕ ਪਾਸੇ ਉਹ ਸਮਕਾਲੀ ਸਾਹਿਤ ਦੀਆਂ ਗਤੀਵਿਧੀਆਂ ਬਾਰੇ ਚੇਤੰਨ ਰਹਿੰਦਾ ਹੈ ਤੇ ਦੂਜੇ ਪਾਸੇ ਚਲੰਤ ਸਿਆਸਤ, ਅਰਥ ਵਿਵਸਥਾ ਅਤੇ ਅੰਤਰਰਾਸ਼ਟਰੀ ਸਬੰਧਾਂ ਦੀਆਂ ਭੁੱਲ ਭੁਲੱਈਆਂ ਸਬੰਧੀ ਵੀ ਉਹ ਪੂਰੀ ਜਾਣਕਾਰੀ ਬਣਾਈ ਰੱਖਦਾ ਹੈ।” – ਡਾ. ਅਤਰ ਸਿੰਘ
ਕਲਾਕਾਰ
ਡਾ. ਬਰਜਿੰਦਰ ਸਿੰਘ ਹਮਦਰਦ ਸਿਰਫ਼ ਪੱਤਰਕਾਰ ਤੇ ਸਾਹਿਤਕਾਰ ਹੀ ਨਹੀਂ ਹੈ, ਸਗੋਂ ਸੰਗੀਤਕਾਰ ਵੀ ਹੈ। ਚੰਗੀ ਸ਼ਾਇਰੀ ਨੂੰ ਸੁਣਨਾ ਤੇ ਗਾਉਣਾ ਉਸ ਦਾ ਸ਼ੌਕ ਹੈ। ਆਪਣੇ ਅਤੀ ਰੁਝੇਵਿਆਂ ਦੇ ਬਾਵਜੂਦ ਹੁਣ ਤੱਕ 10 ਸੰਗੀਤ ਐਲਬਮਾਂ ਸੰਗੀਤ ਜਗਤ ਦੀ ਝੋਲੀ ਵਿਚ ਪਾ ਚੁੱਕਾ ਹੈ।
ਇਸ ਸਫ਼ਰ ਦਾ ਪਹਿਲਾ ਪੜਾਅ ਸੀ – ‘ਜਜ਼ਬਾਤ’ (2003) – ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ – ਅਬਦੁਲ ਹਾਮਿਦ ਆਦਮ, ਫ਼ੈਜ਼ ਅਹਿਮਦ ਫ਼ੈਜ਼, ਤੂਫੈਲ ਹੁਸ਼ਿਆਰਪੁਰੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਲਿਖੇ ਹੋਏ ਗੀਤਾਂ ਅਤੇ ਗ਼ਜ਼ਲਾਂ ਸਮੇਤ ਕੁਝ ਮਸ਼ਹੂਰ ਫ਼ਿਲਮੀ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸੰਗੀਤ ਦੀ ਦੁਨੀਆ ਵਿਚ ਵਿਧੀਵਤ ਪ੍ਰਵੇਸ਼ ਕੀਤਾ। ਇਕ ਸੋਜ਼ ਭਰੀ ਆਵਾਜ਼ ਦੀ ਅਜਿਹੀ ਆਬਸ਼ਾਰ ਅਦਭੁੱਤ ਸੀ, ਜਿਸ ਨੂੰ ਕਿਸੇ ਨੇ ਕਿਆਸਿਆ ਤੱਕ ਨਹੀਂ ਸੀ। ਸੰਗੀਤ ਪਾਰਖੂਆਂ ਅਤੇ ਸਰੋਤਿਆਂ ਨੇ ਉਨ੍ਹਾਂ ਦੀ ਗਾਇਕੀ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਸਨਮਾਨ ਅਤੇ ਪੁਰਸਕਾਰ
‘ਅਜੀਤ’ ਪੱਤਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਉਨ੍ਹਾਂ ਦੀਆਂ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਕੀਤੀਆਂ ਗਈਆਂ ਸੇਵਾਵਾਂ ਲਈ ਵੱਖਰੇ ਵੱਖਰੇ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਨਵਾਜਿਆ ਗਿਆ ਹੈ। ਇਨ੍ਹਾਂ ਸਨਮਾਨਾਂ ਵਿਚ ਸ਼੍ਰੋਮਣੀ ਪੱਤਰਕਾਰ, ਪਦਮਸ਼੍ਰੀ ਅਤੇ ਪਦਮ ਭੂਸ਼ਨ ਵੀ ਸ਼ਾਮਲ ਹਨ।