ਵੱਖ-ਵੱਖ ਫ਼ਿਲਮਾਂ ਵਿਚ ਵੱਖ-ਵੱਖ ਗਾਇਕਾਂ ਵੱਲੋਂ ਗਾਏ ਗਏ ਉਘੇ ਗੀਤਾਂ ਨੂੰ ਆਵਾਜ਼ ਦੇ ਕੇ ਡਾ: ਹਮਦਰਦ ਨੇ ਇਕ ਹੋਰ ਤਜਰਬਾ ਸਾਹਮਣੇ ਲਿਆਂਦਾ ‘ਮੇਰੀ ਪਸੰਦ’ (2015) ਸਿਰਲੇਖ ਅਧੀਨ। ਇਸ ਵਿਚ ਉਨ੍ਹਾਂ ਨੇ ਉਨ੍ਹਾਂ ਉੱਘੇ ਗੀਤਾਂ ਨੂੰ ਆਵਾਜ਼ ਦਿੱਤੀ, ਜਿਹੜੇ ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿਚ ਵਸੇ ਹੋਏ ਸਨ ਤੇ ਜਵਾਨੀ ਦੇ ਔਭੜ-ਖੋਭੜ ਰਾਹਾਂ ਵਿਚ ਵੀ ਉਨ੍ਹਾਂ ਦੇ ਨਾਲ-ਨਾਲ ਰਹੇ ਅਤੇ ਜ਼ਿੰਦਗੀ ਦੇ ਸਾਲਾਂ ਅਤੇ ਸੰਘਰਸ਼ਾਂ ਨੇ ਉਨ੍ਹਾਂ ਗੀਤਾਂ ਨਾਲ ਉਨ੍ਹਾਂ ਦਾ ਮੋਹ ਮੱਠਾ ਨਾ ਪੈਣ ਦਿੱਤਾ। ਕੁਲਜੀਤ ਸਿੰਘ ਦੀ ਸੰਗੀਤ ਨਿਰਦੇਸ਼ਨਾ ਨਾਲ ਸੰਪੰਨ ਹੋਇਆ ਇਹ ਕਾਰਜ ਸੰਗੀਤ ਰਸੀਆਂ ਨੂੰ ਅਸੀਮ ਆਨੰਦ ਦਿੰਦਾ ਹੈ।