ਬਰਜਿੰਦਰ ਸਿੰਘ ਹਮਦਰਦ ਸਹਿਜ ਤੇ ਸੁਹਜ ਭਰਪੂਰ ਸਿਰਜਣਾਤਮਕ ਵਿਅਕਤੀ ਹੈ। ਹੋਣਹਾਰ ਸ਼ਖ਼ਸੀਅਤ ਛੋਟੀ ਉਮਰ ਵਿਚ ਹੀ ਵੱਡੀਆਂ ਮੱਲਾਂ ਮਾਰ ਲੈਂਦੀ ਹੈ। ਜਿਸ ਸਵੈ-ਜੀਵਨੀ ਮੂਲਕ ਰਚਨਾ ‘ਕੁਝ ਪੱਤਰੇ’ ਨੇ ਉਨ੍ਹਾਂ ਦੀ ਸਾਹਿਤਕ ਖੇਤਰ ਵਿਚ ਖਾਸ ਪਹਿਚਾਣ ਬਣਾਈ, ਉਹ ਉਨ੍ਹਾਂ ਨੇ ਆਪਣੀ ਐਮ. ਏ. ਦੀ ਪੜ੍ਹਾਈ ਦੌਰਾਨ ਹੀ ਲਿਖ ਲਈ ਸੀ। ਇਸ ਰਚਨਾ ਤੋਂ ਉਨ੍ਹਾਂ ਦਾ ਸਾਹਿਤਕ ਸਫ਼ਰ ਸ਼ੁਰੂ ਹੁੰਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਵੀ ਵਿਸ਼ੇਸ਼ ਥਾਂ ਬਣਾਈ ਹੈ।
‘ਅਜੀਤ’ ਅਖ਼ਬਾਰ ਦੇ ਪ੍ਰਬੰਧਕੀ ਸੰਪਾਦਕ ਵਜੋਂ ਉਨ੍ਹਾਂ ਨੇ 1968 ਤੋਂ ਲੈ ਕੇ 1974 ਤਕ ਬੜੀ ਮਿਹਨਤ, ਲਗਨ ਤੇ ਜ਼ਿੰਮੇਵਾਰੀ ਨਾਲ ਇਹ ਅਹੁਦਾ ਸੰਭਾਲਿਆ। ਮਾਨਵਵਾਦੀ ਤੇ ਯਥਾਰਥਵਾਦੀ ਨਜ਼ਰੀਏ ਰਾਹੀਂ ਉਨ੍ਹਾਂ ਨੇ ਕੁਝ ਐਸੇ ਨਵੇਂ ਪ੍ਰਤੀਮਾਨ ਸਥਾਪਤ ਕੀਤੇ, ਜਿਸ ਨਾਲ ਕਈ ਵੱਡੇ ਅਤੇ ਕਈ ਨਵੇਂ ਹੋਣਹਾਰ ਲੇਖਕ ਇਸ ਅਖ਼ਬਾਰ ਨਾਲ ਜੁੜੇ, ਜਿਸ ਨਾਲ ਅਖ਼ਬਾਰ ਦੀ ਲੋਕਪ੍ਰਿਅਤਾ ਬਹੁਤ ਵਧੀ। ਡਾ. ਜਤਿੰਦਰਪਾਲ ਸਿੰਘ ਜੌਲੀ ਲਿਖਦੇ ਹਨ :
”ਅਖ਼ਬਾਰ ਜਿਹਾ ਸ਼ਕਤੀਸ਼ਾਲੀ ਮਾਧਿਅਮ ਉਸ ਦੇ ਤਾਬਿਆ ਵਿਚ ਹੈ ਤੇ ਉਹਦੇ ਜੀਵਨ ਦਾ ਹਰ ਸਾਹ ਉਸ ਮਾਧਿਅਮ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਇਹੋ ਦੋਹਾਂ ਦੀਆਂ ਸੰਭਾਵਨਾਵਾਂ ਦਾ ਵਿਕਾਸ ਮਾਰਗ ਹੈ।”
ਬਰਜਿੰਦਰ ਸਿੰਘ ਹਮਦਰਦ ਨੇ ਮਾਰਚ 1972 ਵਿਚ ਇਕ ਸਾਹਿਤਕ ਮਾਸਕ-ਪੱਤਰ ‘ਦ੍ਰਿਸ਼ਟੀ’ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ। ਇਸ ਮਾਸਕ-ਪੱਤਰ ਦੀ ਸੁਯੋਗ ਸੰਪਾਦਨਾ ਨੇ ਇਸ ਮੈਗਜ਼ੀਨ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਪੰਜਾਬੀ ਦੇ ਨਵੇਂ ਪੁਰਾਣੇ ਲੇਖਕ ‘ਦ੍ਰਿਸ਼ਟੀ’ ਨਾਲ ਜੁੜ ਗਏ। ਇਸ ਨਾਲ ਇਨ੍ਹਾਂ ਦੀਆਂ ਸਾਹਿਤਕ ਰੁਚੀਆਂ ਹੋਰ ਪ੍ਰਫੁੱਲਤ ਹੋਈਆਂ। ਲੇਖਕਾਂ ਦੇ ਨਾਲ-ਨਾਲ ‘ਦ੍ਰਿਸ਼ਟੀ’ ਨੇ ਵੱਡੀ ਗਿਣਤੀ ਵਿਚ ਪਾਠਕ ਪੈਦਾ ਕੀਤੇ। ਇਹ ਸਾਰਾ ਕੁਝ ਡਾ. ਹਮਦਰਦ ਦੀ ਸਾਹਿਤਕ ਅਤੇ ਮੌਲਿਕ ਪ੍ਰਤਿਭਾ ਦਾ ਪ੍ਰਮਾਣ ਸੀ । ਇਸ ਮੈਗਜ਼ੀਨ ਨੇ ਸਾਹਿਤਕ ਹਲਕਿਆਂ ਵਿਚ ਬੜੀ ਲੋਕਪ੍ਰਿਅਤਾ ਹਾਸਲ ਕੀਤੀ। ਇਸ ਲੋਕਪ੍ਰਿਅਤਾ ਦੇ ਹੁਲਾਰੇ ਨਾਲ ਉਨ੍ਹਾਂ ਦੋ ਹੋਰ ਮੈਗਜ਼ੀਨਾਂ ‘ਅਪਸਰਾ’ ਅਤੇ ‘ਅੰਨਦਾਤਾ’ ਦੀ ਵੀ 1974 ਤੋਂ 1978 ਤਕ ਸੰਪਾਦਨਾ ਕੀਤੀ।
ਬਰਜਿੰਦਰ ਸਿੰਘ ਹਮਦਰਦ ਦੀ ਸਾਹਿਤਕ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਨੂੰ ਜੁਲਾਈ 1978 ਵਿਚ ਨਵੇਂ ਸ਼ੁਰੂ ਹੋਏ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਬਣਨ ਦਾ ਮੌਕਾ ਮਿਲਿਆ। ਇਹ ਡਾਕਟਰ ਹਮਦਰਦ ਲਈ ਇਕ ਚੁਣੌਤੀ ਸੀ ਪਰ ਨਾਲ ਹੀ ਕੁਝ ਕਰ ਵਿਖਾਉਣ ਦਾ ਮੌਕਾ ਵੀ ਸੀ। ਇਥੇ ਛੇ ਸਾਲ ਡਾਕਟਰ ਹਮਦਰਦ ਨੇ ਕਰੜੀ ਮਿਹਨਤ-ਲਗਨ ਅਤੇ ਆਪਣੀ ਯੋਗਤਾ ਨਾਲ ‘ਪੰਜਾਬੀ ਟ੍ਰਿਬਿਊਨ’ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ। ਇਨ੍ਹਾਂ ਨੇ ‘ਪੰਜਾਬੀ ਟ੍ਰਿਬਿਊਨ’ ਵਿਚ ਮੈਗਜ਼ੀਨ ਸੈਕਸ਼ਨ ਸ਼ੁਰੂ ਕਰਨ ਦੀ ਪਹਿਲ-ਕਦਮੀ ਕੀਤੀ। ਇਸ ਨਾਲ ਪੰਜਾਬੀ ਦੇ ਪੁਰਾਣੇ ਅਤੇ ਨਵੇਂ ਲੇਖਕਾਂ ਦੇ ਵਿਚਾਰ ਆਮ ਜਨਤਾ ਤਕ ਪਹੁੰਚੇ। ਇਸ ਪਹਿਲ-ਕਦਮੀ ਨਾਲ ਅਖ਼ਬਾਰ ਆਪਣੇ ਪੱਕੇ ਪੈਰੀਂ ਖੜ੍ਹਾ ਹੋ ਗਿਆ। ਪ੍ਰੋ. ਪ੍ਰੀਤਮ ਸਿੰਘ ਦੇ ਸ਼ਬਦਾਂ ਵਿਚ :
”ਉਸ ਦੀ ਹਰ ਮੁਆਮਲੇ ਬਾਰੇ ਆਪਣੀ ਦ੍ਰਿਸ਼ਟੀ ਅਤੇ ਉਸ ਦਾ ਆਪਣਾ ਨਿੱਜੀ ਦ੍ਰਿਸ਼ਟੀਕੋਣ ਹੈ। ਬੜੀ ਸਮਝਦਾਰੀ ਤੇ ਨਫ਼ਾਸਿਤ ਹੈ ਉਸ ਦੀ ਸਹਾਫ਼ਤ ਵਿਚ। ਪਹਿਲਾਂ ‘ਦ੍ਰਿਸ਼ਟੀ’ ਨੂੰ ਚਾਰ ਚੰਦ ਲਾਏ, ਹੁਣ ‘ਪੰਜਾਬੀ ਟ੍ਰਿਬਿਊਨ’ ਨੂੰ ਲਿਸ਼ਕਾ-ਪੁਸ਼ਕਾ ਰਿਹਾ ਹੈ।”
ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੱਤਰਕਾਰੀ ਦੀਆਂ ਬਾਰੀਕੀਆਂ ਭਾਵੇਂ ਆਪਣੇ ਪਿਤਾ ਜੀ ਕੋਲੋਂ ਵਿਰਸੇ ਵਿਚ ਮਿਲੀਆਂ ਪਰ ਉਹ ਇਨ੍ਹਾਂ ਬਾਰੀਕੀਆਂ ਨੂੰ ਕਲਾਤਮਕ ਛੋਹ ਅਤੇ ਉਸ ਵਿਚ ਆਪਣੇ ਵਿਅਕਤੀਗਤ ਗੁਣਾਂ ਨੂੰ ਸ਼ਾਮਿਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਸਫ਼ਲ ਹੋਏ। ਸੰਪਾਦਕ ਦਾ ਕੰਮ ਅਖ਼ਬਾਰ ਨੂੰ ਸਿਰਫ਼ ਸੰਪਾਦਿਤ ਕਰਨਾ ਹੀ ਨਹੀਂ ਹੁੰਦਾ ਬਲਕਿ ਉਸ ਨੂੰ ਸਮੇਂ, ਮਾਹੌਲ ਅਤੇ ਸਮਾਜ ਦੇ ਅਨੁਕੂਲ ਤੋਰਨਾ ਅਤੇ ਵਿਕਸਿਤ ਕਰਨਾ ਹੁੰਦਾ ਹੈ। ਇਨ੍ਹਾਂ ਸਾਰੀਆਂ ਕਲਾਵਾਂ ਦੀ ਝਲਕ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ਅਤੇ ਹੁਣ ‘ਅਜੀਤ’ ਦੀ ਮੁੱਖ ਸੰਪਾਦਕੀ ਤੋਂ ਮਿਲਦੀ ਹੈ। ਪ੍ਰੋ. ਪ੍ਰੀਤਮ ਸਿੰਘ ਹੋਰਾਂ ਨੇ ਉਨ੍ਹਾਂ ਦੀ ਸੰਪਾਦਕੀ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਸੀ :
”ਬਰਜਿੰਦਰ ਸਿੰਘ ਸ਼ਾਇਦ ਸਾਰੇ ਭਾਰਤ ਵਿਚ ਸਭ ਤੋਂ ਛੋਟੀ ਉਮਰ ਦਾ ਸੰਪਾਦਕ ਹੈ ਜੋ ਬੜੀ ਸਫ਼ਲਤਾ ਨਾਲ ਦੈਨਿਕ ਅਖ਼ਬਾਰ ਚਲਾ ਰਿਹਾ ਹੈ।”
ਡਾ. ਬਰਜਿੰਦਰ ਸਿੰਘ ਹਮਦਰਦ ਆਪਣੀ ਤਿੱਖੀ ਸੂਝ-ਬੂਝ ਕਾਰਨ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ 12 ਸਤੰਬਰ 1982 ਤੋਂ 11 ਅਕਤੂਬਰ 1982 ਤੱਕ ਅੰਤਰਰਾਸ਼ਟਰੀ ਜਨ ਸੰਚਾਰ ਏਜੰਸੀ, ਅਮਰੀਕਾ ‘‘United States International Communications INC.” ਦੁਆਰਾ ਅੰਤਰਰਾਸ਼ਟਰੀ ਯਾਤਰਾ ਪ੍ਰੋਗਰਾਮ ਅਧੀਨ ਅਮਰੀਕਾ ਗਏ। ਉਥੋਂ ਉਹ ਅਖ਼ਬਾਰ ਨੂੰ ਹੋਰ ਨਿਖਾਰਨ-ਸੰਵਾਰਨ ਲਈ ਨਵੀਆਂ ਤਕਨੀਕਾਂ ਅਤੇ ਯੋਜਨਾਵਾਂ ਲੈ ਕੇ ਆਏ। ਭਾਰਤ ਦੀਆਂ ਉੱਚ-ਕੋਟੀ ਦੀਆਂ ਅਖ਼ਬਾਰਾਂ ‘ਚ ‘ਪੰਜਾਬੀ ਟ੍ਰਿਬਿਊਨ’ ਨੂੰ ਸ਼ਾਮਿਲ ਕਰਨ ਦਾ ਸਿਹਰਾ ਇਨ੍ਹਾਂ ਦੀ ਜੀਅ-ਤੋੜ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ।”
1984 ਦਾ ਸਾਲ ਡਾ. ਬਰਜਿੰਦਰ ਸਿੰਘ ਹਮਦਰਦ ਲਈ ਮਾਨਸਿਕ ਪੱਖੋਂ ਬੜਾ ਉਥਲ-ਪੁਥਲ ਵਾਲਾ ਸੀ। ਪਿਤਾ-ਪੁੱਤਰ ਦੋਵੇਂ ਉੱਚੇ ਮਿਆਰ ਦੀਆਂ ਅਖ਼ਬਾਰਾਂ ਦੇ ਸੰਪਾਦਕ ਸਨ। ਅਚਾਨਕ 1984 ਵਿਚ ਡਾ. ਸਾਧੂ ਸਿੰਘ ਹਮਦਰਦ ਜੀ ਸਵਰਗਵਾਸ ਹੋ ਗਏ। ਉਨ੍ਹਾਂ ਵਲੋਂ ਚਲਾਏ ਗਏ ‘ਅਜੀਤ’ ਅਖ਼ਬਾਰ ਨੂੰ ਅੱਗੇ ਤੋਰਨ ਲਈ ਇਕ ਕੁਸ਼ਲ ਪ੍ਰਬੰਧਕ ਅਤੇ ਤਜਰਬੇਕਾਰ ਸੰਪਾਦਕ ਦੀ ਲੋੜ ਸੀ। ‘ਅਜੀਤ’ ਅਖ਼ਬਾਰ ਦੇ ਸਾਰੇ ਘਰ ਦੇ ਅਤੇ ਦਫ਼ਤਰ ਦੇ ਮੈਂਬਰ ਅਤੇ ਇਸ ਅਖ਼ਬਾਰ ਨਾਲ ਜੁੜੇ ਸਾਰੇ ਬੁੱਧੀਜੀਵੀਆਂ ਦੀਆਂ ਨਜ਼ਰਾਂ ਕੇਵਲ ਬਰਜਿੰਦਰ ਸਿੰਘ ਹਮਦਰਦ ਉੱਪਰ ਸਨ। ਸੋ, ਸਾਰਿਆਂ ਨੇ ਰਲ ਮਿਲ ਕੇ ਉਨ੍ਹਾਂ ਨੂੰ ਮਨਾ ਲਿਆ। ਬਰਜਿੰਦਰ ਸਿੰਘ ਹਮਦਰਦ ਨੇ ਅਗਸਤ 1984 ਵਿਚ ‘ਪੰਜਾਬੀ ਟ੍ਰਿਬਿਊਨ’ ਤੋਂ ਅਸਤੀਫ਼ਾ ਦੇ ਦਿੱਤਾ ਅਤੇ ‘ਅਜੀਤ’ ਦੀ ਵਾਗਡੋਰ ਸੰਭਾਲ ਲਈ।
ਬਰਜਿੰਦਰ ਸਿੰਘ ਹਮਦਰਦ ਦਾ ਮੁੱਖ ਕਾਰਜ-ਖੇਤਰ ਪੱਤਰਕਾਰੀ ਹੈ। ਇਹ ਕਿੱਤਾ ਉਨ੍ਹਾਂ ਦੀ ਸਾਹਿਤ ਸਿਰਜਣਾ ਵਿਚੋਂ ਪੈਦਾ ਹੋਇਆ। ਇਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਉੱਪਰ ਸਭ ਤੋਂ ਪਹਿਲਾ ਤੇ ਗਹਿਰਾ ਪ੍ਰਭਾਵ ਪਿਤਾ ਜੀ ਦਾ ਪਿਆ। ਸਾਹਿਤ ਸਿਰਜਣਾ ਤੇ ਪੱਤਰਕਾਰੀ ਦੀ ਪਿਓਂਦ ਉਨ੍ਹਾਂ ਨੂੰ ਆਪਣੇ ਵਿਰਸੇ ‘ਚੋਂ ਮਿਲੀ। ਬਚਪਨ ਤੋਂ ਹੀ ਇਹ ਘਰ ਵਿਚ ਅਖ਼ਬਾਰਾਂ ਅਤੇ ਕਿਤਾਬਾਂ ਦੀ ਹੀ ਚਰਚਾ ਹੁੰਦੀ ਸੁਣਦੇ ਰਹੇ ਹਨ। ਘਰ ਵਿਚ ਹੁੰਦੀਆਂ ਬਹਿਸਾਂ ਅਤੇ ਚਰਚੇ ਸੁਤੇ ਸਿੱਧ ਹੀ ਇਨ੍ਹਾਂ ਦੇ ਅਵਚੇਤਨ ਮਨ ਵਿਚ ਘਰ ਕਰਦੇ ਗਏ।
ਅਗਸਤ 1984 ਨੂੰ ‘ਅਜੀਤ’ ਦੇ ਮੁੱਖ ਸੰਪਾਦਕ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਇਨ੍ਹਾਂ ਨੇ ਆਪਣੇ ਪਿਤਾ ਦੇ ਵਿਰਸੇ ਨੂੰ ਅੱਗੇ ਲਿਜਾਣ ਲਈ ਦਿਨ-ਰਾਤ ਇਕ ਕਰ ਦਿੱਤਾ। ਇਨ੍ਹਾਂ ਦੀ ਸੰਪਾਦਕੀ ਨੇ ‘ਅਜੀਤ’ ਨੂੰ ਇਕ ਨਵਾਂ ਮੋੜ ਦਿੱਤਾ। ਉਸ ਵਿਚ ਦਿਨੋ-ਦਿਨ ਨਿਖ਼ਾਰ ਆਉਣ ਲੱਗਾ। ਇਨ੍ਹਾਂ ਦੀ ਲਗਨ, ਘਾਲਣਾ ਅਤੇ ਸਿਦਕ ਸਦਕਾ ‘ਅਜੀਤ’ ਅਖ਼ਬਾਰ ਨੇ ਨਵੀਆਂ ਬੁਲੰਦੀਆਂ ਛੋਹ ਲਈਆਂ ਅਤੇ ਇਹ ਪੰਜਾਬੀ ਦਾ ਨੰਬਰ ਇਕ ਅਖ਼ਬਾਰ ਬਣ ਗਿਆ।
ਜੇਕਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਗੱਲ ਕਰੀਏ ਤਾਂ ਚਾਰ ਮਹਾਨ ਸ਼ਖ਼ਸੀਅਤਾਂ ਦਾ ਚੋਖਾ ਪ੍ਰਭਾਵ ਇਨ੍ਹਾਂ ਉੱਤੇ ਪਿਆ ਨਜ਼ਰ ਆਉਂਦਾ ਹੈ। ਉਹ ਸ਼ਖ਼ਸੀਅਤਾਂ ਹਨ-ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ। ਇਨ੍ਹਾਂ ਚਾਰੇ ਸ਼ਖ਼ਸੀਅਤਾਂ ਨੂੰ ਉਹ ਯੁੱਗ ਪੁਰਸ਼ ਮੰਨਦੇ ਹਨ। ਬਰਜਿੰਦਰ ਸਿੰਘ ਦੀ ਇਸ ਧਾਰਨਾ ਬਾਰੇ ਇਨ੍ਹਾਂ ਦੇ ਸਮਕਾਲੀ ਇਸ ਤਰ੍ਹਾਂ ਲਿਖਦੇ ਹਨ :
”ਯੁੱਗ ਪੁਰਸ਼ਾਂ ਬਾਰੇ ਉਸ ਦਾ ਚਿੰਤਨ ਬੜਾ ਸਪੱਸ਼ਟ ਹੈ, ਉਹ ਪੰਜਾਬ ਦੇ ਉੱਤਰ ਮੱਧ ਦੇ ਅਜੋਕੇ ਕਾਲ ਵਿਚ ਚਾਰ ਹੀ ਯੁੱਗ ਪੁਰਸ਼ ਮੰਨਦਾ ਹੈ। ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਰਣਜੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ। ਪੰਜ ਸਦੀਆਂ ਦੌਰਾਨ ਇਨ੍ਹਾਂ ਨੇ ਹੀ ਪੰਜਾਬੀਅਤ ਨੂੰ ਇਤਿਹਾਸਕ ਤੇ ਕ੍ਰਾਂਤੀਕਾਰੀ ਮੋੜ ਦਿੱਤੇ ਹਨ।”
ਡਾ. ਹਮਦਰਦ ਲਈ ਸਾਲ 1990 ਇਕ ਬੜਾ ਸੁਨਹਿਰਾ ਸਾਲ ਸੀ। ਇਸ ਸਾਲ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਨਾਲ ਕਈ ਵਿਦੇਸ਼ੀ ਦੌਰੇ ਕੀਤੇ ਅਤੇ ਯੂ. ਐਨ. ਓ. ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਉਹ 12 ਜਨਵਰੀ ਤੋਂ 16 ਜਨਵਰੀ 1990 ਤੱਕ ਵਿਦੇਸ਼ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨਾਲ ਮਾਲਦੀਵਜ਼ ਗਏ। ਜੁਲਾਈ 1990 ਵਿਚ ਪ੍ਰਧਾਨ ਮੰਤਰੀ ਸ੍ਰੀ ਵੀ. ਪੀ. ਸਿੰਘ ਨਾਲ ਸੋਵੀਅਤ ਯੂਨੀਅਨ ਦੀ ਯਾਤਰਾ ਕੀਤੀ। ਅਕਤੂਬਰ 1990 ਵਿਚ ਭਾਰਤੀ ਵਫ਼ਦ ਦੇ ਮੈਂਬਰ ਵਜੋਂ ਯੂ. ਐਨ. ਓ. ਦੀ ਜਨਰਲ ਅਸੈਂਬਲੀ ਦੇ 45ਵੇਂ ਸੈਸ਼ਨ ਨੂੰ ਸੰਬੋਧਨ ਕੀਤਾ :
”ਬਰਜਿੰਦਰ ਸਿੰਘ ਕੇਵਲ ਪਹਿਲੇ ਪੰਜਾਬੀ ਪੱਤਰਕਾਰ ਹੀ ਨਹੀਂ, ਸ਼ਾਇਦ ਪਹਿਲੇ ਅਜਿਹੇ ਭਾਰਤੀ ਪੱਤਰਕਾਰ ਹਨ, ਜਿਨ੍ਹਾਂ ਨੂੰ ਯੂ. ਐਨ. ਓ. ਦੀ ਜਨਰਲ ਅਸੈਂਬਲੀ ਦੇ ਸਮਾਗਮ ਨੂੰ ਸੰਬੋਧਨ ਕਰਨ ਦਾ ਇਹ ਮਾਣ ਮਿਲਿਆ ਹੈ। ਇਹ ਮਾਣ ਅਸਲੋਂ ਸਮੁੱਚੀ ਪੰਜਾਬੀ ਪੱਤਰਕਾਰੀ ਦਾ ਹੈ, ਉਸ ਪੰਜਾਬੀ ਜ਼ਬਾਨ ਦਾ ਹੈ, ਜਿਸ ਨੇ ਦੇਸ਼-ਵਿਦੇਸ਼ ਵਿਚ ਵਸਦੀ ਪੰਜਾਬੀ ਕੌਮੀਅਤ ਨੂੰ ਪਹਿਚਾਣ ਦਿੱਤੀ ਹੈ ਅਤੇ ਵੱਡੇ-ਵੱਡੇ ਦਾਨਿਸ਼ਵਰ ਪੈਦਾ ਕੀਤੇ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਵਿਦੇਸ਼ੀ ਦੌਰੇ ਕੀਤੇ ਜਿਵੇਂ ਨਿਊਯਾਰਕ (ਯੂ. ਐਸ. ਏ.) ਤਨਜ਼ਾਨੀਆ ਅਤੇ ਰੋਮ ਦੀ ਯਾਤਰਾ 18 ਸਤੰਬਰ ਤੋਂ 26 ਸਤੰਬਰ 1997 ਤੱਕ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨਾਲ ਕੀਤੀ। ਨਵੰਬਰ 2001 ਵਿਚ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਸੋਵੀਅਤ ਯੂਨੀਅਨ, ਅਮਰੀਕਾ ਅਤੇ ਇੰਗਲੈਂਡ ਦੀ ਯਾਤਰਾ ਕੀਤੀ। ਇਸ ਤੋਂ ਇਲਾਵਾ ਉਹ ਇੰਗਲੈਂਡ, ਸਿੰਘਾਪੁਰ, ਥਾਈਲੈਂਡ, ਹਾਂਗਕਾਂਗ, ਮਲੇਸ਼ੀਆ ਅਤੇ ਕੈਨੇਡਾ ਦੇ ਦੌਰਿਆਂ ‘ਤੇ ਵੀ ਗਏ।
ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਇਕ ਸਾਹਿਤਕਾਰ ਵਜੋਂ ਵਿਸ਼ੇਸ਼ ਸਥਾਨ ਬਣਾਇਆ ਤੇ ਪੱਤਰਕਾਰੀ ਵਿਚ ਵੀ ਸਿਖਰ ‘ਤੇ ਪਹੁੰਚੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜਨੀਤੀ ਦੇ ਖੇਤਰ ਵਿਚ ਵੀ ਕਈ ਐਸੇ ਅਵਸਰ ਮਿਲੇ, ਜਿਨ੍ਹਾਂ ਰਾਹੀਂ ਉਹ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦੇ ਸਨ। ਇਸ ਪਾਸੇ ਉਨ੍ਹਾਂ ਦੀ ਬਹੁਤੀ ਰੁਚੀ ਨਾ ਹੋਣ ਕਰਕੇ ਮਨ ਨਾ ਲੱਗਾ। ਇਹੋ ਕਾਰਨ ਹੈ ਕਿ ਰਾਜ ਸਭਾ ਦੀ ਮੈਂਬਰੀ ਹਾਸਲ ਕਰਨ ਲਈ ਜਿਥੇ ਸਾਡੇ ਨੇਤਾ ਲੋਕ ਕਈ ਕਿਸਮ ਦੀਆਂ ਚਾਲਾਂ ਚਲਦੇ ਹਨ, ਉਥੇ ਡਾ. ਹਮਦਰਦ ਨੂੰ ਰਾਜ ਸਭਾ ਦੀ ਮੈਂਬਰੀ ਬੜੀ ਸ਼ਾਨੋ-ਸ਼ੌਕਤ ਨਾਲ ਮਿਲੀ ਪਰ ਆਪਣੇ ਪੱਤਰਕਾਰੀ ਦੇ ਮੋਹ ਅਤੇ ਰੁਝਾਨ ਨੇ ਇਨ੍ਹਾਂ ਨੂੰ ਮੈਂਬਰੀ ਤੋਂ ਪਾਸਾ ਮੋੜਨ ਲਈ ਮਜਬੂਰ ਕਰ ਦਿੱਤਾ। ਇਹੋ ਕਾਰਨ ਹੈ ਕਿ ਇਨ੍ਹਾਂ ਨੇ ਛੇ ਸਾਲ ਦੀ ਬਜਾਏ ਕੇਵਲ ਮਾਰਚ 1998 ਤੋਂ ਦਸੰਬਰ 2000 ਤੱਕ ਮੈਂਬਰੀ ਰੱਖ ਕੇ ਅਸਤੀਫ਼ਾ ਦੇ ਦਿੱਤਾ।
ਬਰਜਿੰਦਰ ਸਿੰਘ ਹਮਦਰਦ ਪੱਤਰਕਾਰੀ ਦੇ ਨਾਲ-ਨਾਲ ਸਮਕਾਲੀ ਸਾਹਿਤ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਸਦਾ ਚੇਤੰਨ ਰਹਿੰਦੇ ਹਨ। ਸਾਹਿਤ ਰਚਨਾ ਦੇ ਨਾਲ-ਨਾਲ ਪੱਤਰਕਾਰੀ ਦੇ ਖੇਤਰ ਵਿਚ ਉਹ ਵਧੇਰੇ ਚਰਚਿਤ ਹੋਏ ਹਨ। ਇਸ ਖੇਤਰ ਵਿਚ ਉਹ ਰਾਜਸੀ, ਰਾਸ਼ਟਰੀ, ਅੰਤਰਰਾਸ਼ਟਰੀ, ਅਰਥ-ਵਿਵਸਥਾ ਦੇ ਉਤਾਰ-ਚੜ੍ਹਾਅ ਬਾਬਤ ਵੀ ਪੂਰੀ ਜਾਣਕਾਰੀ ਰਖਦੇ ਹਨ। ਅਸਲ ਵਿਚ ਉਨ੍ਹਾਂ ਦੀ ਸਮੂਹ ਰਚਨਾ ਮਾਨਵ-ਕੇਂਦਰਿਤ ਹੈ। ਆਮ ਲੋਕਾਂ ਦੇ ਹਿਤ, ਉਨ੍ਹਾਂ ਦੀ ਆਵਾਜ਼ ਨੂੰ ਨਿਰਭੈ ਹੋ ਕੇ ਸਰਕਾਰ ਤੱਕ ਪਹੁੰਚਾਉਣਾ ਉਨ੍ਹਾਂ ਦਾ ਪਰਮ ਧਰਮ ਰਿਹਾ ਹੈ। ਡਾ. ਐਸ. ਐਸ. ਜੌਹਲ ਆਪ ਬਾਰੇ ਲਿਖਦੇ ਹਨ :
”ਪੱਤਰਕਾਰੀ ਇਕ ਸ਼ੀਸ਼ੇ ਵਾਂਗ ਹੁੰਦੀ ਹੈ ਜੋ ਸਮਾਜ ਨੂੰ ਉਸ ਦਾ ਅਸਲੀ ਚਿਹਰਾ ਵਿਖਾਉਂਦੀ ਹੈ। ਸਾਡੇ ਸਮਾਜ ਦੇ ਅਜੋਕੇ ਇਹ ਸ਼ੀਸ਼ੇ ਧੁੰਦਲੇ ਹੋ ਚੁੱਕੇ ਹਨ ਜੋ ਅਸਲੀ ਚਿਹਰੇ ਦੀ ਥਾਂ ਵਿਗਾੜ ਕੇ ਚਿਹਰੇ ਪੇਸ਼ ਕਰਦੇ ਹਨ, ਕਦੀ ਲਾਲਚ ਵਿਚ ਅਤੇ ਕਦੀ ਹੋਰ ਸੁਆਰਥ ਹੇਠ। ਬਰਜਿੰਦਰ ਇਕ ਐਸਾ ਪੱਤਰਕਾਰ ਹੈ, ਜਿਸ ਨੇ ਨਾ ਹੀ ਇਸ ਸ਼ੀਸ਼ੇ ਨੂੰ ਧੁੰਦਲਾ ਹੋਣ ਦਿੱਤਾ ਹੈ ਤੇ ਨਾ ਹੀ ਕਿਸੇ ਦੇ ਥੱਲੇ ਲੱਗ ਕੇ ਜਾਂ ਲਾਲਚ ਵਿਚ ਆ ਕੇ ਇਸ ਨੂੰ ਟੇਢਾ ਹੋਣ ਦਿੱਤਾ ਹੈ।”
ਡਾ. ਬਰਜਿੰਦਰ ਸਿੰਘ ਹਮਦਰਦ ਦੀ ਪੱਤਰਕਾਰੀ ਦੀ ਮੂਲ ਪਹਿਚਾਣ ਹੈ ਕਿਸੇ ਕਿਸਮ ਦੀ ਅਧੀਨਗੀ ਪ੍ਰਵਾਨ ਨਾ ਕਰਨਾ। ਉਨ੍ਹਾਂ ਨੇ ਪੱਤਰਕਾਰੀ ਦੇ ਉਸ ਚਰਿੱਤਰ ਨੂੰ ਚੁਣੌਤੀ ਦਿੱਤੀ ਹੈ ਜੋ ਆਪਣੇ ਅਸਲੀ ਮੁੱਲਾਂ ਨੂੰ ਗੁਆ ਚੁੱਕਾ ਸੀ। ਨਿਮਾਣੇ ਤੇ ਨਿਤਾਣੇ ਲੋਕਾਂ ਦੀ ਆਵਾਜ਼ ਨੂੰ ਪੱਤਰਕਾਰੀ ਰਾਹੀਂ ਬਦਲਾਉਣ ਦੀ ਸ਼ਕਤੀ ਭਰਨਾ ਉਨ੍ਹਾਂ ਦੀ ਪੱਤਰਕਾਰੀ ਦਾ ਮੁੱਖ ਗੁਣ ਹੈ। ਉਹ ਤਾਂ ਖ਼ੁਦ ਲਿਖਦੇ ਹਨ :
”ਸਾਡਾ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਧਰਤੀ ਨੇ ਕਦੀ ਵੀ ਕਿਸੇ ਦੀ ਅਧੀਨਗੀ ਨਹੀਂ ਪ੍ਰਵਾਨੀ। ਪੰਜਾਬੀ ਹਮੇਸ਼ਾ ਆਪਣੇ ਹੀ ਰੰਗ-ਢੰਗ ਨਾਲ ਜਿਊਣ ਨੂੰ ਤਰਜੀਹ ਦਿੰਦੇ ਰਹੇ ਹਨ। ਇਸੇ ਲਈ ਇਥੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਬੜੀਆਂ ਤਿੱਖੀਆਂ ਅਤੇ ਸਿਹਤਮੰਦ ਲਹਿਰਾਂ ਪੈਦਾ ਹੋਈਆਂ… ਇਕ ਲਗਨ ਦੀ ਜਵਾਲਾ ਪੰਜਾਬੀਆਂ ਅੰਦਰ ਬਲਦੀ ਰਹੀ। ਪੰਜਾਬੀਅਤ ਦੀ ਲੋਅ ਨੂੰ ਸਦਾ ਲਈ ਪ੍ਰਜਵਲਤ ਰੱਖਣ ਲਈ ਪੰਜਾਬੀ ਯਤਨਸ਼ੀਲ ਰਹੇ। ਪੰਜਾਬੀ ਪੱਤਰਕਾਰੀ ਨੇ ਇਸੇ ਹੀ ਪੰਜਾਬੀ ਸੁਭਾਅ ਨੂੰ ਅਪਣਾਇਆ ਹੈ।”
ਪੰਜਾਬੀ ਸਾਹਿਤ ਅਤੇ ਪੱਤਰਕਾਰੀ ਅੰਦਰ ਆਪ ਦੀਆਂ ਰਚਨਾਤਮਕ ਪ੍ਰਾਪਤੀਆਂ ਦਾ ਘੇਰਾ ਬੜੇ ਵੱਡੇ ਪੱਧਰ ਵਾਲਾ ਹੈ। ਆਪ ਬੜੇ ਕੋਮਲ ਭਾਵੀ ਪੱਤਰਕਾਰ ਹੋਣ ਦੇ ਨਾਲ-ਨਾਲ ਪੱਤਰਕਾਰੀ ਅੰਦਰ ਇਕ ਤਿੱਖੀ ਵੰਗਾਰ ਨੂੰ ਸਾਹਮਣੇ ਰੱਖਦੇ ਹਨ। ਸੂਖ਼ਮ ਸੁਭਾਅ ਹੋਣ ਕਰਕੇ ਮਾਨਵਵਾਦੀ ਪੀੜਾਂ ਮਨ ‘ਤੇ ਵਧੇਰੇ ਅਤੇ ਡੂੰਘਾ ਅਸਰ ਕਰਦੀਆਂ ਹਨ। ਅਜਿਹੇ ਕੋਮਲ ਭਾਵੀ ਮਨ ਅਤੇ ਸੰਗੀਤ ਦੇ ਰਸੀਏ ਲਈ ਪੱਤਰਕਾਰੀ ਵਰਗਾ ਕਠਿਨ ਅਤੇ ਖੁਸ਼ਕ ਕਾਰਜ ਨਿਭਾਉਣਾ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਨੂੰ ਬਰਾਬਰ ਸਮਝਣਾ ਬਹੁਤ ਵੱਡਾ ਕੰਮ ਹੈ। ਉਨ੍ਹਾਂ ਦੀ ਸੋਚ ਹਮੇਸ਼ਾ ਮਾਨਵਵਾਦੀ ਕਦਰਾਂ-ਕੀਮਤਾਂ ਨਾਲ ਜੁੜੀ ਹੈ। ਪੰਜਾਬ ਦੇ ਮਾੜੇ ਹਾਲਾਤਾਂ ਦੌਰਾਨ ਜੋ ਦਰਦਨਾਕ ਘਟਨਾਵਾਂ ਵਾਪਰੀਆਂ ਤਾਂ ਆਪ ਚੁੱਪ ਨਾ ਰਹਿ ਸਕੇ। ਅਸਲ ਵਿਚ ਉਹ ਮਾਨਵਤਾ ਦੀ ਆਵਾਜ਼ ਹਨ। ਉਨ੍ਹਾਂ ਦੀ ਕਲਮ ਸੁੰਦਰ, ਸਵੱਛ ਤੇ ਸੱਚਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਅੰਦਰ ਰੌਸ਼ਨ ਕਰਨ ਲਈ ਸਦਾ ਚਲਦੀ ਰਹੇਗੀ। ਡਾ. ਅਮਰਜੀਤ ਸਿੰਘ ਕਾਂਗ ਅਨੁਸਾਰ :
”ਪੰਜਾਬੀ ਸਾਹਿਤ ਚਿੰਤਨ ਅਤੇ ਪੱਤਰਕਾਰੀ ਦੇ ਖੇਤਰ ਵਿਚ ਬਰਜਿੰਦਰ ਸਿੰਘ ਹਮਦਰਦ ਦੀ ਪਛਾਣ ਇਕ ਅਨੁਭਵੀ ਚਿੰਤਕ ਅਤੇ ਦੀਰਘ ਦ੍ਰਿਸ਼ਟੀ ਵਾਲੇ ਵਿਅਕਤੀ ਦੀ ਹੈ ਜੋ ਇਕੋ ਵੇਲੇ ਤੀਸਰੇ ਨੇਤਰ ਵਾਲਾ ਕਰਤਾਰੀ ਲੇਖਕ ਵੀ ਹੈ ਅਤੇ ਪੱਤਰਕਾਰ ਵੀ। ਉਸ ਦਾ ਕਾਮਲ ਕਰਤਾਰੀ ਜਲੌਅ ਇਹ ਹੈ ਕਿ ਉਹ ਪੱਤਰਕਾਰੀ ਸਮੇਂ ਕਰਤਾਰੀ ਲੇਖਕ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਕਰਤਾਰੀ ਰਚਨਾ ਸਮੇਂ ਪੱਤਰਕਾਰੀ ਵਾਲੀ ਬੁਧਿ ਵਿਵੇਕ ਨਾਲ ਜੁੜਿਆ ਰਹਿੰਦਾ ਹੈ।”
ਗਿਆਨੀ ਲਾਲ ਸਿੰਘ ਅਨੁਸਾਰ :
”ਅਜੋਕੇ ਯੁੱਗ ਦਾ ਪੱਤਰਕਾਰ ਸਾਹਿਤਕਾਰ ਅਵੱਸ਼ ਹੋਣਾ ਚਾਹੀਦਾ ਹੈ ਵਰਨਾ ਸ਼ਬਦ ਚੋਣ ਦੀ ਸੁਚੱਜਤਾ ਤੇ ਲਿਖਤ ਵਿਚ ਵਿਸ਼ਾਲ ਕਲਪਨਾ ਕਦਾਚਿਤ ਨਹੀਂ ਆ ਸਕਦੀ। ਬਰਜਿੰਦਰ ਸਿੰਘ ਬਾਰੀਕਬੀਨ ਹੈ ਤੇ ਚੌਗਿਰਦੇ ਨੂੰ ਗਹੁ ਨਾਲ ਵੇਖਦਾ ਹੈ ਸਮਾਜ ਨੂੰ ਵੀ ਤੇ ਰਾਜਨੀਤੀ ਨੂੰ ਵੀ। ਉਸ ਦੀ ਲਿਖਤ ਸਾਫ਼ ਤੇ ਸਵੱਛ ਹੈ।”
ਬਰਜਿੰਦਰ ਸਿੰਘ ਹਮਦਰਦ ਸਮਾਜਵਾਦੀ ਵਿਚਾਰਾਂ ਦੇ ਪੱਖੀ ਹੋਣ ਕਰਕੇ ਸ਼ਹੀਦ ਭਗਤ ਸਿੰਘ ਤੋਂ ਵੀ ਬਹੁਤ ਪ੍ਰਭਾਵਿਤ ਸਨ। ਰੂਸੀ ਸਾਹਿਤ ਪੜ੍ਹਨ ਦਾ ਸ਼ੌਕ ਹੋਣ ਕਰਕੇ ਮਹਾਨ ਰੂਸੀ ਲੇਖਕ ਲਿਓ ਤਾਲਸਤਾਏ ਦੀ ਪੁਸਤਕ ‘ਜੰਗ ਤੇ ਅਮਨ’ ਦਾ ਵੀ ਕਾਫ਼ੀ ਪ੍ਰਭਾਵ ਪਿਆ। ਇਸੇ ਲਈ ਇਨ੍ਹਾਂ ਦੀਆਂ ਰਚਨਾਵਾਂ ਅੰਦਰ ‘ਚਿੰਤਨ ਦੀ ਦੁਨੀਆ’ ਵਿਚ ਨਵੇਂ ਦਿਸਹੱਦੇ ਕਾਇਮ ਕਰਨ ਦਾ ਭਾਵ ਹੈ। ‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ’ ਇਨ੍ਹਾਂ ਦੀ ਮਨਭਾਉਂਦੀ ਤੁਕ ਹੈ।
ਬਰਜਿੰਦਰ ਸਿੰਘ ਨੇ ਆਪਣੀ ਪਛਾਣ ਸਵੈਮਾਣ, ਨਿਰਭੈਤਾ, ਨਿਰਪੱਖਤਾ, ਦਿਲਦਾਰੀ, ਬੁੱਧੀਮਤਾ, ਫ਼ਿਲਾਸਫ਼ੀ, ਚਿੰਤਕ ਅਤੇ ਸੰਗੀਤਕ ਗੁਣਾਂ ਨਾਲ ਬਣਾਈ ਹੈ। ਇਨ੍ਹਾਂ ਨੇ ਉਪਨਾਮ ਭਾਵੇਂ ਆਪਣੇ ਪਿਤਾ ਜੀ ਵਾਲਾ ਆਪਣੇ ਨਾਂਅ ਨਾਲ ਲਗਾਇਆ ਪਰੰਤੂ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿਚ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ ਅਤੇ ਆਪਣੀ ਨਿਵੇਕਲੀ ਹੋਂਦ ਵੀ ਸਥਾਪਿਤ ਕੀਤੀ ਹੈ :
”ਜਵਾਨੀ ਸਮੇਂ ਹਰ ਵਿਅਕਤੀ ਵਿਚ ਜ਼ਮੀਨ ਅਸਮਾਨ ਦੇ ਕਲਾਵੇ ਮੇਲਣ ਦੀ ਸਮਰੱਥਾ ਹੁੰਦੀ ਹੈ। ਅਣਹੋਣੀਆਂ ਨਾਲ ਮੱਥਾ ਲਾਉਣ ਅਤੇ ਅਣਕਿਆਸਿਆਂ ਨੂੰ ਕਿਆਸਣ ਦੀ ਸ਼ਕਤੀ, ਸਮਰੱਥਾ ਤੇ ਸੋਚ ਦੇ ਫਲਸਰੂਪ ਬਰਜਿੰਦਰ ਸਿੰਘ ਵੀ ਅਗਾਂਹਵਧੂ ਵਿਚਾਰਾਂ ਦੇ ਮੁਦਈ ਹੋ ਨਿਬੜੇ ਹਨ। ਅਗਾਂਹਵਧੂ ਦ੍ਰਿਸ਼ਟੀਕੋਣ ਤੇ ਸਮਾਜਵਾਦੀ ਚਿੰਤਨ ਵਾਲੀ ਇਹ ਸ਼ਖ਼ਸੀਅਤ ਨਿਰਪੱਖਤਾ, ਸਮਾਜਵਾਦੀ ਪ੍ਰਤੀਬੱਧਤਾ ਅਤੇ ਉਸਾਰੂ ਸੋਚ ਜਿਹੇ ਗੁਣ ਸਮੇਟੀ ਪੰਜਾਬੀ ਸਾਹਿਤ ਦੀ ਲਗਾਤਾਰ ਸੇਵਾ ਕਰਦੀ ਆ ਰਹੀ ਹੈ।”
ਇਸ ਉਪਰੋਕਤ ਵਿਚਾਰ ਚਰਚਾ ਵਿਚੋਂ ਇਹ ਸਿੱਟਾ ਨਿਕਲਦਾ ਹੈ ਕਿ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਕਲਮ ਦੀ ਦਾਤ ਵਿਰਸੇ ਵਿਚੋਂ ਮਿਲੀ ਸੀ। ਉਨ੍ਹਾਂ ਨੇ ਆਪਣੀ ਇਸ ਵਿਰਾਸਤ ਨੂੰ ਆਪਣੀ ਪ੍ਰਤਿਭਾ ਰਾਹੀਂ ਰੌਸ਼ਨ ਰਾਹਾਂ ਉੱਪਰ ਤੋਰਿਆ। ਉਹ ਇਕ ਚਿੰਤਕ ਅਤੇ ਗੰਭੀਰ ਪੱਤਰਕਾਰ ਹਨ। ਹਰ ਮਸਲੇ ਦਾ ਵਿਵੇਕ ਉਸਾਰਨਾ ਉਨ੍ਹਾਂ ਦੀ ਰਚਨਾਤਮਕ ਸ਼ਕਤੀ ਦਾ ਪ੍ਰਗਟਾਵਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ਉੱਪਰ ਉਨ੍ਹਾਂ ਦੀਆਂ ਟਿੱਪਣੀਆਂ ਬੜੀਆਂ ਅਰਥ-ਭਰਪੂਰ ਹਨ। ਸਫ਼ਰਨਾਮਾ ਸਾਹਿਤ ਵਿਚ ਉਨ੍ਹਾਂ ਦੀ ਸਿਰਜਣਾਤਮਕਤਾ ਸਿਖਰ ਉੱਪਰ ਹੈ। ‘ਧਰਤੀਆਂ ਦੇ ਗੀਤ’ ਲੱਭਦਿਆਂ ਉਨ੍ਹਾਂ ਦੀ ਵਾਰਤਕ ਪ੍ਰਗੀਤਕ ਹੋ ਗਈ ਹੈ। ਅਜਿਹੇ ਪ੍ਰਗੀਤਕ ਜਲੌਅ ਪੰਜਾਬੀ ਵਾਰਤਕ ਦੀ ਵੱਡੀ ਪ੍ਰਾਪਤੀ ਹਨ। ਸਾਹਿਤਕਾਰੀ ਅਤੇ ਪੱਤਰਕਾਰੀ ਦਾ ਰਚਨਾਤਮਕ ਸਮਿਨਵੈ ਪਹਿਲੀ ਵਾਰ ਪੰਜਾਬੀ ਸਾਹਿਤ ਜਗਤ ਵਿਚ ਹਮਦਰਦ ਜੀ ਦੀਆਂ ਲਿਖਤਾਂ ਰਾਹੀਂ ਹੋਇਆ ਹੈ। ਉਹ ਨਿਰੰਤਰ ਗਤੀਸ਼ੀਲ ਅਤੇ ਕਰਮ-ਭੂਮੀ ਵਿਚ ਵਿਚਰ ਰਹੇ ਹਨ। ਅਜਿਹਾ ਮਨੁੱਖ ਬੜਾ ਵਿਰਲਾ ਹੁੰਦਾ ਹੈ। ਨਿਰਮਾਣਤਾ ਅਤੇ ਦ੍ਰਿੜ੍ਹਤਾ ਉਨ੍ਹਾਂ ਦੀ ਰਚਨਾ ਦਾ ਪਛਾਣ ਚਿੰਨ੍ਹ ਬਣ ਗਿਆ ਹੈ। ਕਲਮ ਦਾ ਜਲਵਾ ਸਿਰਜਣ ਵਾਲੀ ਕਲਮ ਨੂੰ ਹੀ ‘ਵੁੜੀ ਕਲਾਮ’ ਕਿਹਾ ਗਿਆ ਹੈ। ਬਰਜਿੰਦਰ ਸਿੰਘ ਹਮਦਰਦ ਅਜਿਹੀ ਹੀ ਕਲਮ ਦੇ ਸਿਰਜਕ ਹਨ।