ਬਰਜਿੰਦਰ ਸਿੰਘ ਨੇ ਆਪਣੀ ਪਛਾਣ ਸਵੈਮਾਣ, ਨਿਰਭੈਤਾ, ਨਿਰਪੱਖਤਾ, ਦਿਲਦਾਰੀ, ਬੁੱਧੀਮਤਾ, ਫ਼ਿਲਾਸਫ਼ੀ, ਚਿੰਤਕ ਅਤੇ ਸੰਗੀਤਕ ਗੁਣਾਂ ਨਾਲ ਬਣਾਈ ਹੈ। ਇਨ੍ਹਾਂ ਨੇ ਉਪਨਾਮ ਭਾਵੇਂ ਆਪਣੇ ਪਿਤਾ ਜੀ ਵਾਲਾ ਆਪਣੇ ਨਾਂਅ ਨਾਲ ਲਗਾਇਆ ਪਰੰਤੂ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿਚ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ ਅਤੇ ਆਪਣੀ ਨਿਵੇਕਲੀ ਹੋਂਦ ਵੀ ਸਥਾਪਿਤ ਕੀਤੀ ਹੈ :
”ਅਗਾਂਹਵਧੂ ਦ੍ਰਿਸ਼ਟੀਕੋਣ ਤੇ ਸਮਾਜਵਾਦੀ ਚਿੰਤਨ ਵਾਲੀ ਇਹ ਸ਼ਖ਼ਸੀਅਤ ਨਿਰਪੱਖਤਾ, ਸਮਾਜਵਾਦੀ ਪ੍ਰਤੀਬੱਧਤਾ ਅਤੇ ਉਸਾਰੂ ਸੋਚ ਜਿਹੇ ਗੁਣ ਸਮੇਟੀ ਪੰਜਾਬੀ ਸਾਹਿਤ ਦੀ ਲਗਾਤਾਰ ਸੇਵਾ ਕਰਦੀ ਰਹੀ ਹੈ।”
ਬਰਜਿੰਦਰ ਸਿੰਘ ਦੀਆਂ ਰਚਨਾਵਾਂ ਵਿਚ ਸਭ ਤੋਂ ਨਿਵੇਕਲਾ ਅਤੇ ਅਹਿਮ ਪੱਖ ਹੈ ”ਮਨੁੱਖਤਾ ਲਈ ਦਰਦ”। ਉਹ ਮਨੁੱਖ ਦੇ ਦਰਦ ਨੂੰ ਓਪਰੀ ਨਜ਼ਰੇ ਨਹੀਂ ਵੇਖਦੇ ਬਲਕਿ ਉਸ ਦੁੱਖ ਦੇ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ‘ਛੋਟੇ ਛੋਟੇ ਦਾਇਰੇ’ ਪੁਸਤਕ ਵਿਚ ਉਹ ਮਨੁੱਖ ਦੇ ਅੰਦਰਲੇ ਦਰਦ, ਆਵਾਜ਼ ਅਤੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਲਿਖਦੇ ਹਨ :
”ਜਦੋਂ ਕੋਈ ਅੰਦਰ ਦੀ ਆਵਾਜ਼ ਸੁਣ ਲੈਂਦਾ ਤਾਂ ਕੁਝ ਨਾ ਕੁਝ ਜ਼ਰੂਰ ਹੁੰਦਾ ਹੈ। ਹੱਤਿਆ ਹੁੰਦੀ ਹੈ, ਆਤਮ-ਹੱਤਿਆ ਹੁੰਦੀ ਹੈ ਜਾਂ ਅਜਿਹਾ ਹੀ ਕੁਝ ਹੋਰ।”
ਇਨ੍ਹਾਂ ਦੀ ਲਿਖਤ ਹਮੇਸ਼ਾ ਸਾਫ਼, ਸਪਸ਼ੱਟ ਅਤੇ ਪ੍ਰਮਾਣਿਕ ਹੁੰਦੀ ਹੈ। ਸਪਸ਼ੱਟਤਾ ਅਤੇ ਪਰਿਪੱਕਤਾ ਹੋਣ ਕਾਰਨ ਹੀ ਇਹ ਆਪਣੀ ਲਿਖਤ ਵਿਚ ਜਾਦੂ ਭਰ ਦਿੰਦੇ ਹਨ।
ਬਰਜਿੰਦਰ ਸਿੰਘ ਨੇ ਹੁਣ ਤੱਕ ਦਸ ਗੁਣਾਤਮਕ ਰਚਨਾਵਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ :
ਛਪੀਆਂ ਪੁਸਤਕਾਂ :
(1) ਕੁਝ ਪੱਤਰੇ (ਸਵੈ-ਜੀਵਨੀ ਮੂਲਕ ਨਾਵਲ)
(ਗੁਜਰਾਤੀ ਭਾਸ਼ਾ ਵਿਚ ਵੀ ਛਪਿਆ ਹੈ)
(2) ਛੋਟੇ ਛੋਟੇ ਦਾਇਰੇ (ਲੇਖ-ਸੰਗ੍ਰਹਿ)
(3) ਧਰਤੀਆਂ ਦੇ ਗੀਤ (ਸਫ਼ਰਨਾਮਾ)
ਲੇਖ-ਸੰਗ੍ਰਹਿ :
(4) ਜੋਤ ਜਗਦੀ ਰਹੇਗੀ (ਚੋਣਵੀਆਂ ਸੰਪਾਦਕੀਆਂ)
(5) ਵਿਰਸੇ ਦਾ ਗੌਰਵ (-ਉਹੀ-)
(6) ਪੈਂਡਾ ਬਾਕੀ ਹੈ (-ਉਹੀ-)
(7) ਮੋਮਬੱਤੀਆਂ ਦੀ ਲੋਅ (-ਉਹੀ-)
(8) ਦੋਸਤੀ ਦੇ ਗੀਤ (-ਉਹੀ-)
(9) ਮਿੱਟੀ ਦਾ ਮੋਹ (-ਉਹੀ-)
(10) ਤਰਕਸ਼ੀਲਤਾ ਦਾ ਚਾਨਣ (-ਉਹੀ-)
(11) ਪਲੀਤ ਹੋਇਆ ਚੌਗਿਰਦਾ
(12) ਮਾਂ ਬੋਲੀ ਪੰਜਾਬੀ
(13) ਪੰਜਾਬ ਅਤੇ ਪੰਜਾਬੀਅਤ
ਬਰਜਿੰਦਰ ਸਿੰਘ ਹਮਦਰਦ ਨੇ ਸਭ ਤੋਂ ਪਹਿਲਾਂ ‘ਕੁਝ ਪੱਤਰੇ’ ਨਾਵਲ ਦੀ ਰਚਨਾ ਕੀਤੀ। ਇਹ ਹਰ ਪੱਖੋਂ ਪਰਪੱਕ ਰਚਨਾ ਉਨ੍ਹਾਂ ਨੇ ਵਿਦਿਆਰਥੀ ਜੀਵਨ ਭਾਵ ਐਮ. ਏ. ਵਿਚ ਪੜ੍ਹਦਿਆਂ ਕੀਤੀ। ਇਹ ਨਾਵਲ ਬੜਾ ਮਕਬੂਲ ਹੋਇਆ, ਇਸ ਦੇ ਕਈ ਐਡੀਸ਼ਨ ਛਪੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਬੀ. ਏ. ਦੇ ਸਿਲੇਬਸ ਵਿਚ ਵੀ ਪੜ੍ਹਾਇਆ ਜਾਂਦਾ ਰਿਹਾ। 1991 ਵਿਚ ਇਹ ਨਾਵਲ ਦੂਰਦਰਸ਼ਨ ਕੇਂਦਰ, ਜਲੰਧਰ ਨੇ ਅੱਠ ਕਿਸ਼ਤਾਂ ਵਿਚ ਫ਼ਿਲਮਾਂ ਕੇ ਟੈਲੀਕਾਸਟ ਕੀਤਾ। ਇਹ ਰਚਨਾ ਗੁਜਰਾਤੀ ਭਾਸ਼ਾ ਵਿਚ ਵੀ ਅਨੁਵਾਦ ਹੋ ਕੇ ਛਪੀ ਹੈ।
1982 ਵਿਚ ਬਰਜਿੰਦਰ ਸਿੰਘ ਨੇ ਇਕ ਸਫ਼ਰਨਾਮਾ ਲਿਖਿਆ ‘ਧਰਤੀਆਂ ਦੇ ਗੀਤ’। ਇਸ ਸਫ਼ਰਨਾਮੇ ਵਿਚ ਸੱਤ ਧਰਤੀਆਂ ਦੇ ਲੋਕਾਂ ਦੀ ਰਹਿਣੀ-ਬਹਿਣੀ ਤੇ ਜੀਵਨ ਮੁੱਲਾਂ ਬਾਰੇ ਪਾਠਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਇਸ ਸਫ਼ਰਨਾਮੇ ਦੀ ਵਿਲੱਖਣਤਾ ਇਹ ਹੈ ਕਿ ਲੇਖਕ ਨੇ ਕੁਝ ਹੀ ਸਮੇਂ ਵਿਚ ਉਥੋਂ ਦੇ ਲੋਕਾਂ ਦੇ ਦਿਲਾਂ ਅੰਦਰ ਐਸੀ ਝਾਤੀ ਮਾਰੀ ਹੈ। ਜਿਵੇਂ ਉਸ ਦਾ ਇਨ੍ਹਾਂ ਲੋਕਾਂ ਅਤੇ ਥਾਵਾਂ ਨਾਲ ਨਾਤਾ ਬੜਾ ਪੁਰਾਣਾ ਹੋਵੇ। ਪੱਤਰਕਾਰੀ ਵਾਲਾ ਪਿਛੋਕੜ ਅਤੇ ਵਿਸ਼ਲੇਸ਼ਣੀ ਦ੍ਰਿਸ਼ਟੀ ਹੋਣ ਕਰਕੇ ਇਹ ਸਫ਼ਰਨਾਮਾ ਬੜਾ ਸਰਲ, ਸੰਖੇਪ ਅਤੇ ਸਪਸ਼ੱਟ ਹੈ। ਇਹੋ ਕਾਰਨ ਹੈ ਕਿ ‘ਕੁਝ ਪੱਤਰੇ’ ਵਾਂਗ ਇਹ ਸਫ਼ਰਨਾਮਾ ਵੀ ਬੜਾ ਮਕਬੂਲ ਹੋਇਆ। ਇਹ ਪੰਜਾਬ ਅਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ ਵਿਚ ਐਮ. ਏ. ਦੇ ਸਿਲੇਬਸ ਵਿਚ ਪਿਛਲੇ ਕਈ ਸਾਲਾਂ ਤੋਂ ਲੱਗਿਆ ਹੋਇਆ ਹੈ। ਇਸ ਸਫ਼ਰਨਾਮੇ ਉੱਪਰ ਸਭ ਤੋਂ ਪਹਿਲਾਂ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਐਮ. ਫਿਲ ਦਾ ਖੋਜ-ਨਿਬੰਧ ਡਾ. ਅਮਰਜੀਤ ਸਿੰਘ ਕਾਂਗ ਦੀ ਨਿਗਰਾਨੀ ਹੇਠਾਂ ਮਿਸ ਰਿੰਕੂ ਰਾਣੀ ਨੇ ਲਿਖਿਆ।
1983 ਵਿਚ ਇਨ੍ਹਾਂ ਦੀ ਤੀਸਰੀ ਪੁਸਤਕ ‘ਛੋਟੇ ਛੋਟੇ ਦਾਇਰੇ’ ਛਪੀ। ਇਹ ਛੋਟੇ-ਛੋਟੇ ਲੇਖਾਂ ਦਾ ਸੰਗ੍ਰਹਿ ਹੈ। ਇਸ ਵਿਚ ਚਾਲੀ ਲਘੂ ਲੇਖ ਹਨ ਜੋ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਨ। ਅਸਲ ਵਿਚ ਇਹ ਉਹ ਨਿਬੰਧ ਹਨ ਜੋ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਨ ਦੌਰਾਨ ਅਖ਼ਬਾਰ ਵਿਚ ਛਪਦੇ ਰਹੇ।
ਇਸ ਪੁਸਤਕ ਵਿਚਲੇ ਲੇਖਾਂ ਦੇ ਬਹੁਤੇ ਵਿਸ਼ੇ ਪੰਜਾਬ ਦੇ ਧੁਆਂਖੇ ਕਾਲ ਨੂੰ ਪੇਸ਼ ਕਰਦੇ ਹਨ। ਇਨਸਾਨ ਦੀ ਹੈਵਾਨੀਅਤ ਆਦਿ ਕਾਲ ਤੋਂ ਹੀ ਕਿਸੇ ਨਾ ਕਿਸੇ ਰੂਪ ਵਿਚ ਉੱਠਦੀ, ਧੁਖ਼ਦੀ ਤੇ ਭਟਕਦੀ ਰਹੀ ਹੈ। ਡਾ. ਜਤਿੰਦਰਪਾਲ ਸਿੰਘ ਜੌਲੀ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ :
”ਇਨ੍ਹਾਂ ਲਿਖਤਾਂ ਵਿਚਲਾ ਸੱਚ ਵਿਸ਼ੇਸ਼ ਸਮੇਂ ਤੇ ਸਥਾਨ ਦੀ ਉਪਜ ਹੋਣ ਦੇ ਬਾਵਜੂਦ ਉਸ ਦੀ ਜ਼ੱਦ ਤੋਂ ਪਾਰ ਹੋ ਗਿਆ ਹੈ। ਲੇਖਕ ਜ਼ਿੰਦਗੀ ਨੂੰ ਨਰੋਈਆਂ ਕਦਰਾਂ ਨਾਲ ਪ੍ਰਨਾਉਣ ਲਈ ਵਚਨਬੱਧ ਹੈ। ਸਮਕਾਲੀ ਸਮਾਜ ਦੀ ਕਰੂਰਤਾ ਉਸ ਸਾਹਵੇਂ ਅਮੁੱਕ ਸਵਾਲ ਖੜ੍ਹੇ ਕਰਦੀ ਹੈ। ਉਸ ਅੰਦਰਲਾ ਸਿਰਜਣਾਤਮਕ ਵਿਵੇਕ ਉਨ੍ਹਾਂ ਸੁਆਲਾਂ ਨੂੰ ਪਾਠਕ ਜਗਤ ਸਾਹਵੇਂ ਪ੍ਰਕਾਸ਼ਿਤ ਕਰਦਾ ਹੈ। ਮਾਨਵੀ ਹੋਣੀ ਨਾਲ ਜੁੜੇ ਅਨੇਕਾਂ ਸਰੋਕਾਰਾਂ ਦੀ ਵਿਡੰਬਨਾ ਪ੍ਰਤੀ ਸੁਚੇਤ ਬਰਜਿੰਦਰ ਸਿੰਘ ਸੀਮਾਵਾਂ ਨੂੰ ਸੰਭਾਵਨਾਵਾਂ ਨਾਲ ਜੋੜਨ ਦਾ ਇੱਛੁਕ ਹੈ। ਉਸ ਦੀ ਸਮੁੱਚੀ ਲਿਖਤ ਦਾ ਕੇਂਦਰੀ ਧੁਰਾ ਇਹੋ ਹੈ।”
ਇਸ ਪੁਸਤਕ ਦੇ ਵਿਸ਼ੇ ਬਹੁ-ਪੱਖੀ ਤੇ ਬਹੁ-ਦਿਸ਼ਾਵੀ ਹਨ। ਇਨ੍ਹਾਂ ਵਿਚ ਸਾਹਿਤ, ਸਿੱਖਿਆ, ਭਾਸ਼ਾ, ਮਾਨਵੀ ਮੁੱਲ, ਧਰਮ, ਰਾਜਨੀਤੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਆਲੋਚਨਾਤਮਕ ਯਥਾਰਥਵਾਦ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਦੀ ਪੇਸ਼ਕਾਰੀ ਕਿਤੇ ਵੀ ਬੋਝਲ ਜਾਂ ਅਕਾਊ ਨਹੀਂ ਹੁੰਦੀ।
ਬਰਜਿੰਦਰ ਸਿੰਘ ਹਮਦਰਦ ਨੇ ਅਗਸਤ 1984 ਵਿਚ ‘ਪੰਜਾਬੀ ਟ੍ਰਿਬਿਊਨ’ ਛੱਡ ਦਿੱਤਾ ਅਤੇ ‘ਅਜੀਤ’ ਦੇ ਮੁੱਖ ਸੰਪਾਦਕ ਬਣ ਗਏ। ‘ਅਜੀਤ’ ਅਖ਼ਬਾਰ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੇ ਰੁਝੇਵੇਂ ਬਹੁਤ ਜ਼ਿਆਦਾ ਵਧ ਗਏ। ਰੁਝੇਵਿਆਂ ਦੇ ਬਾਵਜੂਦ ਵੀ ਉਹ ਰੋਜ਼ ਸੰਪਾਦਕੀ ਆਦਿ ਲਿਖਦੇ ਪਰ ਕਿਤਾਬ ਛਪਵਾਉਣ ਵੱਲ ਉਨ੍ਹਾਂ ਦਾ ਧਿਆਨ ਨਾ ਗਿਆ। ਸੰਨ 2002 ਵਿਚ ਕੁਝ ਦੋਸਤਾਂ ਦੇ ਬਹੁਤ ਕਹਿਣ ‘ਤੇ ਉਨ੍ਹਾਂ ਨੇ ਸਾਲ 1984 ਤੋਂ 1988 ਦੀਆਂ 112 ਮਹੱਤਵਪੂਰਨ ਸੰਪਾਦਕੀਆਂ ਚੁਣੀਆਂ ਅਤੇ ਉਸ ਦਾ ਨਾਂਅ 22 ਅਗਸਤ 1984 ਵਿਚ ‘ਅਜੀਤ’ ਵਿਚ ਦੁਬਾਰਾ ਆਉਣ ‘ਤੇ ਪਹਿਲੀ ਲਿਖੀ ਸੰਪਾਦਕੀ ‘ਜੋਤ ਜਗਦੀ ਰਹੇਗੀ’ ਉੱਪਰ ਇਸ ਕਿਤਾਬ ਦਾ ਨਾਂਅ ਰੱਖਿਆ। ਇਸ ਪੁਸਤਕ ਵਿਚਲੀਆਂ ਸੰਪਾਦਕੀਆਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਿਤ ਮਸਲਿਆਂ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਸ ਸਮੇਂ ਵਿਚ ਪੈਦਾ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚ ਭਾਸ਼ਾ, ਸਿੱਖਿਆ, ਸਾਹਿਤ, ਮਾਨਵੀ ਕਦਰਾਂ ਕੀਮਤਾਂ, ਧਰਮ, ਰਾਜਨੀਤੀ, ਸਮਾਜਿਕ ਸਮੱਸਿਆਵਾਂ ਨੇ ਆਮ ਲੋਕਾਂ ਦੇ ਦਰਦ ਦਾ ਪ੍ਰਗਟਾਵਾ ਵੇਖਿਆ ਜਾ ਸਕਦਾ ਹੈ। ਡਾ. ਸ. ਪ. ਸਿੰਘ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ :
‘ਜੋਤ ਜਗਦੀ ਰਹੇਗੀ’ ਪੁਸਤਕ ਦੀ ਪ੍ਰਕਾਸ਼ਨਾ ਨਾਲ ਜਿਥੇ ਬਰਜਿੰਦਰ ਸਿੰਘ ਹਮਦਰਦ ਦੀ ਲੇਖਣੀ ਵਿਚਲੀ ਪਰਪੱਕਤਾ, ਵਿਸ਼ਿਆਂ ਨੂੰ ਡੂੰਘਾਈ ਨਾਲ ਪਕੜਨ ਦੀ ਸਮਰੱਥਾ ਅਤੇ ਬੇਲਾਗ ਹੋ ਕੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਦਲੇਰੀ ਦਾ ਪ੍ਰਗਟਾਵਾ ਮਿਲਦਾ ਹੈ, ਉਥੇ ਪੰਜਾਬ ਦੇ ਹੀ ਨਹੀਂ ਬਲਕਿ ਸਮੁੱਚੇ ਗਲੋਬਲ ਵਰਤਾਰੇ ਨਾਲ ਸਬੰਧਿਤ ਘਟਨਾਵਾਂ ਦੇ ਇਤਿਹਾਸਕ ਪ੍ਰਕਰਣ ਨੂੰ ਟਿੱਪਣੀ ਸਹਿਤ ਸਮਝਣ ਦਾ ਅਵਸਰ ਵੀ ਪ੍ਰਾਪਤ ਹੁੰਦਾ ਹੈ।”
ਇਸ ਤੋਂ ਬਾਅਦ ਸਾਲ 1989 ਤੋਂ 1991 ਤੱਕ ਦੀਆਂ ਇਕ ਸੌ ਚੋਣਵੀਆਂ ਸੰਪਾਦਕੀਆਂ ਦੀ ਪੁਸਤਕ ‘ਵਿਰਸੇ ਦਾ ਗੌਰਵ’ ਵੀ ਸੰਨ 2002 ਵਿਚ ਹੀ ਛਪੀ। ‘ਪੈਂਡਾ ਬਾਕੀ ਹੈ’ ਪੁਸਤਕ ਸੰਨ 2003 ਵਿਚ ਪ੍ਰਕਾਸ਼ਿਤ ਹੋਈ। ਇਸ ਵਿਚ ਸਾਲ 1992 ਤੋਂ 1994 ਦੀਆਂ 97 ਚੋਣਵੀਆਂ ਸੰਪਾਦਕੀਆਂ ਸ਼ਾਮਿਲ ਕੀਤੀਆਂ ਗਈਆਂ। ‘ਪੈਂਡਾ ਬਾਕੀ ਹੈ’ ਨਾਂਅ ਦੀ ਸੰਪਾਦਕੀ ਵਿਚ ਉਹ ਔਰਤ ਦੀ ਆਜ਼ਾਦੀ ਅਤੇ ਭਰੂਣ ਹੱਤਿਆ ਵਿਰੁੱਧ ਆਪਣੇ ਵਿਚਾਰ ਖੁੱਲ੍ਹ ਕੇ ਲਿਖਦੇ ਹਨ :
”…ਹੁਣ ਬਹੁਤ ਸਾਰੀਆਂ ਅਜਿਹੀਆਂ ਆਧੁਨਿਕ ਸਬੀਲਾਂ ਬਣ ਗਈਆਂ ਹਨ ਕਿ ਗਰਭ ਵਿਚ ਹੀ ਕੁੜੀਆਂ ਦਾ ਬੀਜ ਨਾਸ਼ ਕਰ ਦਿੱਤਾ ਜਾਂਦਾ ਹੈ। …ਵੱਡੀ ਪੱਧਰ ‘ਤੇ ਇਹ ਅਮਲ ਜਾਰੀ ਹੈ ਕਿ ਲੜਕੀ ਗਰਭਪਾਤ ਰਾਹੀਂ ਖ਼ਤਮ ਕਰ ਦਿੱਤੀ ਜਾਂਦੀ ਹੈ। ਇਹ ਗੱਲ ਸਾਡੇ ਸਮਾਜ ਦੀ ਪਛੜੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। …ਔਰਤ ਦੀ ਜ਼ਿੰਦਗੀ ਨੂੰ ਸੰਵਾਰਨ ਲਈ ਅਤੇ ਉਸ ਵਿਚ ਲੋੜੀਂਦਾ ਹੌਸਲਾ ਅਤੇ ਦਲੇਰੀ ਪੈਦਾ ਕਰਨ ਲਈ ਉਸ ਨੂੰ ਖੁੱਲ੍ਹਾ-ਡੁੱਲ੍ਹਾ ਸਮਾਜ ਪ੍ਰਦਾਨ ਕਰਨ ਲਈ ਹਾਲੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਜਿਵੇਂ-ਜਿਵੇਂ ਔਰਤ ਸਮੁੱਚੇ ਰੂਪ ਵਿਚ ਵਿੱਦਿਆ ਪ੍ਰਾਪਤ ਕਰਦੀ ਜਾਏਗੀ, ਉਸ ਵਿਚ ਚੇਤਨਤਾ ਵੀ ਵਧਦੀ ਜਾਏਗੀ…।”
ਇਹ ਪੁਸਤਕ ਲੇਖਕ ਨੇ ‘ਵੰਡ ਦੇ ਦੁਖਾਂਤ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਨਾਂਅ ਸਮਰਪਿਤ ਕੀਤੀ ਹੈ। ਇਸ ਤੋਂ ਇਲਾਵਾ ਇਸ ਵਿਚ ਤਰਾਈ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਹਾਲਤ, ਪੰਜਾਬੀ ਮਾਨਸਿਕਤਾ, ਅਸ਼ਲੀਲਤਾ ਵੱਲ ਰੁਝਾਨ, ਪਾਣੀਆਂ ਸਬੰਧੀ ਵਿਤਕਰਾ, ਭਗਤ ਪੂਰਨ ਸਿੰਘ ਦੀ ਬਿਮਾਰੀ ਬਾਰੇ ਅਤੇ ਫਿਰ ਉਨ੍ਹਾਂ ਦੇ ਸਵਰਗਵਾਸ ਹੋਣ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਪਲੀਤ ਹੋਇਆ ਚੌਗਰਿਦਾ
‘ਪਲੀਤ ਹੋਇਆ ਚੌਗਿਰਦਾ’ ਡਾ. ਬਰਜਿੰਦਰ ਸਿੰਘ ਹਮਦਰਦ ਦੀਆਂ ਵਾਤਾਵਰਨ ਪ੍ਰਦੂਸ਼ਣ ਸਬੰਧੀ ਲਿਖੀਆਂ ਗਈਆਂ ਚੋਣਵੀਆਂ ਸੰਪਾਦਕੀਆਂ ‘ਤੇ ਆਧਾਰਿਤ ਪੁਸਤਕ ਹੈ। ਇਸ ਦੀ ਪ੍ਰਕਾਸ਼ਨਾ ਵੀ ਡਾ. ਹਮਦਰਦ ਦੀਆਂ ਸੰਪਾਦਕੀਆਂ ‘ਤੇ ਆਧਾਰਿਤ ਪਿਛਲੀਆਂ ਪੁਸਤਕਾਂ ਦੀ ਤਰ੍ਹਾਂ, ਸ: ਕੁਲਬੀਰ ਸਿੰਘ ਸੂਰੀ, ਨਾਨਕ ਸਿੰਘ ਪੁਸਤਕਮਾਲਾ, 5-ਸਿਟੀ ਸੈਂਟਰ ਅੰਮ੍ਰਿਤਸਰ ਵਲੋਂ ਹੀ ਕੀਤੀ ਗਈ ਹੈ। ਇਹ ਪੁਸਤਕ ਡਾ. ਹਮਦਰਦ ਵਲੋਂ ਵਾਤਾਵਰਨ ਪ੍ਰੇਮੀਆਂ ਨੂੰ ਸਮਰਪਿਤ ਕੀਤੀ ਗਈ ਹੈ, ਜੋ ਧਰਤੀ ਦੇ ਪਲੀਤ ਹੁੰਦੇ ਜਾ ਰਹੇ ਚੌਗਿਰਦੇ ਨੂੰ ਸੰਵਾਰਨ ਲਈ ਯਤਨਸ਼ੀਲ ਹਨ। ਜਿਥੋਂ ਤੱਕ ਇਸ ਪੁਸਤਕ ਵਿਚ ਸ਼ਾਮਿਲ ਚੋਣਵੀਆਂ ਸੰਪਾਦਕੀਆਂ ਦੇ ਵਿਸ਼ਿਆਂ ਦਾ ਸਬੰਧ ਹੈ, ਇਨ੍ਹਾਂ ਵਿਚ ਪੁਸਤਕ ਦੇ ਨਾਂਅ ਦੇ ਮੁਤਾਬਿਕ ਵਧੇਰੇ ਜ਼ੋਰ ਹਰੇ ਇਨਕਲਾਬ ਦੇ ਬੁਰੇ ਪ੍ਰਭਾਵਾਂ ਕਾਰਨ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਨੀਵਾਂ ਹੁੰਦਾ ਜਾ ਰਿਹਾ ਪੱਧਰ ਅਤੇ ਖਾਦਾਂ, ਕੀਟਨਾਸ਼ਕਾਂ ਤੇ ਨਦੀਨ ਨਾਸ਼ਕਾਂ ਨਾਲ ਪਾਣੀ ਵਿਚ ਜ਼ਹਿਰੀਲੇ ਮਾਦੇ ਵਧਣ ਨਾਲ ਸਬੰਧਿਤ ਮੁੱਦਿਆਂ ਉੱਪਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਵਲੋਂ ਪਰਾਲੀ ਤੇ ਕਣਕ ਦੇ ਨਾੜ ਨੂੰ ਹਰ ਸਾਲ ਅੱਗ ਲਾਉਣ ਨਾਲ ਪੈਦਾ ਹੁੰਦੇ ਹਵਾ ਦੇ ਪ੍ਰਦੂਸ਼ਣ, ਹੋਰ ਕਾਰਨਾਂ ਕਰਕੇ ਵਧ ਰਹੇ ਆਵਾਜ਼ ਪ੍ਰਦੂਸ਼ਣ ਅਤੇ ਦਰਿਆਵਾਂ ਤੇ ਨਦੀਆਂ, ਨਾਲਿਆਂ ਦੇ ਪਾਣੀਆਂ ਦੇ ਵਧ ਰਹੇ ਪ੍ਰਦੂਸ਼ਣ ਆਦਿ ਦੇ ਮਸਲੇ ਵੀ ਸੰਪਾਦਕੀਆਂ ਦਾ ਵਿਸ਼ਾ ਬਣੇ ਹਨ।
ਡਾ. ਲਖਵਿੰਦਰ ਸਿੰਘ ਜੌਹਲ ਨੇ ਪੁਸਤਕ ਦੀ ਭੂਮਿਕਾ ਲਿਖਦਿਆਂ ਇਨ੍ਹਾਂ ਸੰਪਾਦਕੀਆਂ ਨੂੰ ਸਮਾਜਿਕ ਸਰੋਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸੰਪਾਦਕੀ ਕਰਾਰ ਦਿੱਤਾ ਹੈ।
ਮਾਂ-ਬੋਲੀ ਪੰਜਾਬੀ
ਵਾਤਾਵਰਨ ਪ੍ਰਦੂਸ਼ਣ ਸਬੰਧੀ 2020 ਵਿਚ ਡਾ. ਬਰਜਿੰਦਰ ਸਿੰਘ ਦੀਆਂ ਚੋਣਵੇਂ ਸੰਪਾਦਕੀਆਂ ‘ਤੇ ਆਧਾਰਿਤ ਪੁਸਤਕ ਤੋਂ ਬਾਅਦ ਇਸੇ ਸਾਲ ਉਨ੍ਹਾਂ ਦੀਆਂ ਪੰਜਾਬੀ ਮਾਂ-ਬੋਲੀ ਨਾਲ ਸਬੰਧਿਤ ਸਰੋਕਾਰਾਂ ਬਾਰੇ ਚੋਣਵੇਂ ਸੰਪਾਦਕੀਆਂ ਦੀ ਪੁਸਤਕ ‘ਮਾਂ-ਬੋਲੀ ਪੰਜਾਬੀ’ ਵੀ ਪ੍ਰਕਾਸ਼ਿਤ ਹੋਈ ਸੀ। ਇਸ ਪੁਸਤਕ ਦੀ ਭੂਮਿਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਲਿਖੀ ਗਈ ਹੈ। ਇਸ ਵਿਚ ਡਾ. ਹਮਦਰਦ ਦੀ ਸ਼ਖ਼ਸੀਅਤ, ਉਨ੍ਹਾਂ ਦੀ ਪੱਤਰਕਾਰੀ ਦੇ ਸਰੋਕਾਰਾਂ ਬਾਰੇ ਅਤੇ ਪੁਸਤਕ ‘ਚ ਸ਼ਾਮਿਲ ਚੋਣਵੀਆਂ ਸੰਪਾਦਕੀਆਂ ਸਬੰਧੀ ਭਰਪੂਰ ਰੌਸ਼ਨੀ ਪਾਈ ਗਈ ਹੈ।
ਪੰਜਾਬ ਦੇ ਬਹੁਤੇ ਲੋਕ ਜਾਣਦੇ ਹਨ ਕਿ ਪੰਜਾਬੀ ਸੂਬੇ ਦੀ 1 ਨਵੰਬਰ, 1966 ਵਿਚ ਸਥਾਪਨਾ ਹੋਣ ਤੋਂ ਬਾਅਦ ਵੀ ਰਾਜ ਵਿਚ ਸਿੱਖਿਆ, ਪ੍ਰਸ਼ਾਸਨ ਤੇ ਨਿਆਂ ਦੇ ਖੇਤਰ ਵਿਚ ਪੰਜਾਬੀ ਨੂੰ ਯੋਗ ਸਥਾਨ ਨਹੀਂ ਮਿਲਿਆ। ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਅਤੇ ਪੰਜਾਬੀ ਬੁੱਧੀਜੀਵੀ ਇਸ ਲਈ ਸਮੇਂ-ਸਮੇਂ ਸੰਘਰਸ਼ ਕਰਦੇ ਆ ਰਹੇ ਹਨ। ਇਨ੍ਹਾਂ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਰਾਜ ਵਿਚ ਵੱਖ-ਵੱਖ ਖੇਤਰਾਂ ਵਿਚ ਪੰਜਾਬੀ ਨਾਲ ਹੁੰਦੇ ਰਹੇ ਵਿਤਕਰਿਆਂ, ਦੇਸ਼ਾਂ-ਵਿਦੇਸ਼ਾਂ ਅਤੇ ਉੱਤਰੀ ਭਾਰਤ ਵਿਚ ਪੰਜਾਬੀ ਦੀ ਸਮੁੱਚੀ ਸਥਿਤੀ ਬਾਰੇ ਡਾ. ਹਮਦਰਦ ਨੇ ਬੇਗਿਣਤ ਸੰਪਾਦਕੀਆਂ ਲਿਖੀਆਂ ਹਨ, ਇਨ੍ਹਾਂ ਵਿਚੋਂ 84 ਸੰਪਾਦਕੀਆਂ ਨੂੰ ‘ਮਾਂ-ਬੋਲੀ ਪੰਜਾਬੀ’ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਦੀ ਪ੍ਰਕਾਸ਼ਨਾ ਵੀ ਸ. ਕੁਲਬੀਰ ਸਿੰਘ ਸੂਰੀ, ਨਾਨਕ ਸਿੰਘ ਪੁਸਤਕਮਾਲਾ, 5-ਸਿਟੀ ਸੈਂਟਰ ਅੰਮ੍ਰਿਤਸਰ ਵਲੋਂ ਕੀਤੀ ਗਈ ਹੈ ਅਤੇ ਡਾ. ਹਮਦਰਦ ਵਲੋਂ ਇਹ ਪੁਸਤਕ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਬਹੁਪੱਖੀ ਸ਼ਖ਼ਸੀਅਤ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਕੀਤੀ ਗਈ ਹੈ।
ਪੰਜਾਬ ਤੇ ਪੰਜਾਬੀਅਤ
2021 ਵਿਚ ਡਾ. ਬਰਜਿੰਦਰ ਸਿੰਘ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਿਤ ਸਰੋਕਾਰਾਂ ਬਾਰੇ ਲਿਖੀਆਂ ਗਈਆਂ ਚੋਣਵੀਆਂ ਸੰਪਾਦਕੀਆਂ ‘ਤੇ ਆਧਾਰਿਤ ਪੁਸਤਕ ‘ਪੰਜਾਬ ਅਤੇ ਪੰਜਾਬੀਅਤ’ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਉਨ੍ਹਾਂ ਦੀਆਂ 65 ਸੰਪਾਦਕੀਆਂ ਸ਼ਾਮਿਲ ਹਨ। ਪੁਸਤਕ ਦੀ ਭੂਮਿਕਾ ਉੱਘੇ ਪੰਜਾਬੀ ਵਿਦਵਾਨ ਡਾ. ਬ੍ਰਹਮ ਜਗਦੀਸ਼ ਸਿੰਘ ਵਲੋਂ ਲਿਖੀ ਗਈ ਹੈ ਅਤੇ ਇਸ ਭੂਮਿਕਾ ਵਿਚ ਉਨ੍ਹਾਂ ਨੇ ਪੁਸਤਕ ਵਿਚ ਪ੍ਰਕਾਸ਼ਿਤ ਸੰਪਾਦਕੀਆਂ ਦੇ ਨਾਲ-ਨਾਲ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸ਼ਖ਼ਸੀਅਤ ਅਤੇ ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਦੇ ਭਰਪੂਰ ਯੋਗਦਾਨ ਬਾਰੇ ਵੀ ਬਾਖ਼ੂਬੀ ਚਰਚਾ ਕੀਤੀ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਵੀ ਸ. ਕੁਲਬੀਰ ਸਿੰਘ ਸੂਰੀ, ਨਾਨਕ ਸਿੰਘ ਪੁਸਤਕਮਾਲਾ, 5-ਸਿਟੀ ਸੈਂਟਰ ਅੰਮ੍ਰਿਤਸਰ ਵਲੋਂ ਕੀਤੀ ਗਈ ਹੈ। ਇਹ ਪੁਸਤਕ ਡਾ. ਹਮਦਰਦ ਨੇ ਆਪਣੇ ਪਿਤਾ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਦੀ ਪਾਵਨ ਯਾਦ ਨੂੰ ਸਮਰਪਿਤ ਕੀਤੀ ਹੈ।
ਪੁਸਤਕ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਿਤ ਮਸਲਿਆਂ ਤੋਂ ਇਲਾਵਾ ਪੰਜਾਬ ਨਾਲ ਪੈਰ-ਪੈਰ ‘ਤੇ ਹੁੰਦੇ ਰਹੇ ਵਿਤਕਰਿਆਂ ਅਤੇ ਪੰਜਾਬ ਨੂੰ ਦਰਪੇਸ਼ ਬਹੁਪੱਖੀ ਮਸਲਿਆਂ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ।