ਡਾ: ਬਰਜਿੰਦਰ ਸਿੰਘ ਹਮਦਰਦ ਬਹੁਪਰਤੀ ਸ਼ਖ਼ਸੀਅਤ ਦੇ ਧਾਰਨੀ ਹਨ। ਉੱਚ ਕੋਟੀ ਦੇ ਸਾਹਿਤਕਾਰ, ਨਿੱਧੜਕ ਪੱਤਰਕਾਰ, ਸਮਰੱਥ ਸੰਪਾਦਕ, ਕੁਸ਼ਲ ਪ੍ਰਬੰਧਕ ਅਤੇ ਅਦੁੱਤੀ ਗਾਇਕ ਹੋਣ ਦੇ ਨਾਲ-ਨਾਲ ਉਹ ਇਕ ਅਜਿਹੀ ਵਿਲੱਖਣ ਸ਼ਖ਼ਸੀਅਤ ਹਨ, ਜੋ ਮਨੁੱਖਤਾ ਦੇ ਦਰਦ ਨੂੰ ਸਮਝਣ ਅਤੇ ਸਮਾਜ ਦੀ ਸਿਹਤਮੰਦ ਸਿਰਜਣਾ ਲਈ ਸਦਾ ਤਤਪਰ ਰਹਿੰਦੀ ਹੈ। ਉਨ੍ਹਾਂ ਦੀਆਂ ਵਿਭਿੰਨ ਪ੍ਰਾਪਤੀਆਂ ਨੂੰ ਆਂਕਣ ਲੱਗੀਏ ਤਾਂ ਸ਼ਬਦ ਅਤੇ ਵਿਸ਼ੇਸ਼ਣ ਬਹੁਤ ਪਿੱਛੇ ਰਹਿ ਜਾਂਦੇ ਹਨ।
ਉਨ੍ਹਾਂ ਦੇ ਸੰਗੀਤ-ਸਫ਼ਰ ਦੀ ਸਰਗਮ ਅਜਿਹੀਆਂ ਤਰਬਾਂ ਛੇੜਦੀ ਹੈ ਕਿ ਸੁਣਨ ਵਾਲੇ ਦਾ ਮਨ ਆਪ ਮੁਹਾਰੀ ਮਸਤੀ ਨਾਲ ਝੂਮ ਉੱਠਦਾ ਹੈ। ਇਸ ਸਫ਼ਰ ਦੀ ਸ਼ੁਰੂਆਤ ਉਨ੍ਹਾਂ ਦੇ ਮਾਸੂਮ ਬਚਪਨ ਵਿਚ ਹੀ ਹੋ ਗਈ ਸੀ। ਜਦੋਂ ਉਨ੍ਹਾਂ ਨੂੰ ਸਕੂਲ ਦੇ ਦੋਸਤਾਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਤੱਕ ਦੇ ਸਫ਼ਰ ਦੌਰਾਨ ਹੀ ਗੀਤਾਂ ਦੀ ਛਹਿਬਰ ਨਾਲ ਸਰਸ਼ਾਰ ਕਰਨ ਵਿਚ ਮਜ਼ਾ ਆਉਣ ਲੱਗ ਪਿਆ ਸੀ। ਸੁਰਾਂ ਅਤੇ ਸ਼ਬਦਾਂ ਦਾ ਇਹ ਸੁਮੇਲ ਉਨ੍ਹਾਂ ਨੂੰ ਉਸ ਵਿਰਾਸਤ ਵਿਚੋਂ ਮਿਲਿਆ ਸੀ ਜਿਹੜੀ ਉਨ੍ਹਾਂ ਦੇ ਪਿਤਾ ਡਾ: ਸਾਧੂ ਸਿੰਘ ਹਮਦਰਦ ਨੇ ਬਹਿਰ-ਵਜ਼ਨ ਦੀਆਂ ਪਰਪੱਕ ਗ਼ਜ਼ਲਾਂ ਰਾਹੀਂ ਬਹੁਤ ਮਿਹਨਤ ਨਾਲ ਸਿਰਜੀ ਸੀ। ਸ਼ਾਇਰੀ ਦੇ ਉਸ ਮੁਜੱਸਮੇ ਵੱਲੋਂ ਪੈਦਾ ਕੀਤੇ ਪਰਿਵਾਰਕ ਮਾਹੌਲ ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੇ ਦਿਲੋ-ਦਿਮਾਗ ਵਿਚ ਸਹਿਜ ਰੂਪ ਵਿਚ ਹੀ, ਉਹ ਸੁਰ-ਲਹਿਰੀਆਂ ਉਤਾਰ ਦਿੱਤੀਆਂ ਸਨ, ਜੋ ਉਮਰ ਦੇ ਚੜ੍ਹਾਅ ਨਾਲ ਹੋਰ ਉਛਲਣ ਲੱਗੀਆਂ। ਇਸ ਕਾਵਿਕ ਚੌਗਿਰਦੇ ਵਿਚ ਵਧੇ-ਫੁਲੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਬਚਪਨ ਦੀ ਇਸ ਗੁੜ੍ਹਤੀ ਨੂੰ ਆਪਣੀ ਜ਼ਿੰਦਗੀ ਦੇ ਅਕੀਦਿਆਂ ਵਿਚ ਸੁਭਾਵਿਕ ਰੂਪ ਵਿਚ ਹੀ ਸ਼ਾਮਿਲ ਕਰ ਲਿਆ ਅਤੇ ਫਿਰ ਉਨ੍ਹਾਂ ਦੇ ਅੰਦਰ ਵਗਦਾ ਸੁਰਾਂ ਦਾ ਇਹ ਦਰਿਆ ਸਮੁੰਦਰ ਬਣ ਕੇ ਸਾਕਾਰ ਹੋਣ ਲੱਗਾ। ਉਹ ਗੀਤ ਅਤੇ ਗ਼ਜ਼ਲਾਂ, ਜਿਹੜੇ ਮਨ ਹੀ ਮਨ ਵਿਚ ਦੇਰ ਤੱਕ ਗੁਣਗੁਣਾਹਟ ਪੈਦਾ ਕਰਦੇ ਰਹੇ ਸਨ, ਬਾਹਰ ਆਉਣ ਲੱਗੇ ਅਤੇ ਸੂਤਰਬੱਧ ਹੋ ਕੇ ਸੰਗੀਤ ਐਲਬਮਾਂ ਦਾ ਰੂਪ ਧਾਰਨ ਲੱਗੇ।
ਇਸ ਸਫ਼ਰ ਦਾ ਪਹਿਲਾ ਪੜਾਅ ਸੀ-‘ਜਜ਼ਬਾਤ‘ (2003)-ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ-ਅਬਦੁਲ ਹਾਮਿਦ ਆਦਮ, ਫ਼ੈਜ਼ ਅਹਿਮਦ ਫ਼ੈਜ਼, ਤੂਫੈਲ ਹੁਸ਼ਿਆਰਪੁਰੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਲਿਖੇ ਹੋਏ ਗੀਤਾਂ ਅਤੇ ਗ਼ਜ਼ਲਾਂ ਸਮੇਤ ਕੁਝ ਮਸ਼ਹੂਰ ਫ਼ਿਲਮੀ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸੰਗੀਤ ਦੀ ਦੁਨੀਆ ਵਿਚ ਵਿਧੀਵਤ ਪ੍ਰਵੇਸ਼ ਕੀਤਾ। ਇਹ ਪਹਿਲਾ ਕਦਮ ਹੀ ਏਨਾ ਪ੍ਰਭਾਵਸ਼ਾਲੀ ਸੀ ਕਿ ਇਸ ਨੂੰ ਸੁਣ ਕੇ ਸੰਗੀਤ-ਪੰਡਿਤ ਵੀ ਹੈਰਾਨ ਰਹਿ ਗਏ। ਇਕ ਸੋਜ਼ ਭਰੀ ਆਵਾਜ਼ ਦੀ ਅਜਿਹੀ ਆਬਸ਼ਾਰ ਅਦਭੁੱਤ ਸੀ, ਜਿਸ ਨੂੰ ਕਿਸੇ ਨੇ ਕਿਆਸਿਆ ਤੱਕ ਨਹੀਂ ਸੀ।
ਫਿਰ ਇਹ ਸਿਲਸਿਲਾ ਤੇਜ਼ ਰਫ਼ਤਾਰ ਚੱਲਿਆ, ਤੇ ਇਕ ਤੋਂ ਬਾਅਦ ਇਕ ਐਲਬਮ ਸਾਹਮਣੇ ਆਉਣ ਲੱਗੀ। ਇਸ ਸਫ਼ਰ ਦਾ ਦੂਸਰਾ ਪੜਾਅ ਸੀ-ਸਿਜਦਾ (2004) ਵਿਚ ਇਸ ਰਾਹੀਂ ਡਾ: ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬੀ ਦੇ ਸਦਾਬਹਾਰ ਸ਼ਾਇਰਾਂ ਸ਼ਾਹ ਹੁਸੈਨ, ਪ੍ਰੋ: ਮੋਹਣ ਸਿੰਘ, ਸ਼ਿਵ ਕੁਮਾਰ ਬਟਾਲਵੀ, ਸਾਧੂ ਸਿੰਘ ਹਮਦਰਦ ਅਤੇ ਤੂਫੈਲ ਹੁਸ਼ਿਆਰਪੁਰੀ ਦੀਆਂ ਕਿਰਤਾਂ ਨੂੰ ਸੁਰ ਅਤੇ ਸੰਗੀਤ ਵਿਚ ਪਰੋ ਕੇ ਪੰਜਾਬੀ ਸੁਰ-ਮੰਡਲ ਵਿਚ ਚਮਕਦੇ ਸਿਤਾਰਿਆਂ ਵਾਂਗ ਸਥਾਪਤ ਕਰ ਦਿੱਤਾ। ਉੱਘੇ ਸੰਗੀਤਕਾਰ ਉਸਤਾਦ ਜਵਾਲਾ ਪ੍ਰਸਾਦ ਦੀ ਸੰਗੀਤ ਨਿਰਦੇਸ਼ਨਾ ਅਧੀਨ ਪ੍ਰਵਾਨ ਚੜ੍ਹਿਆ ਇਹ ਉਦਮ ਬੇਮਿਸਾਲ ਸੀ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ।
2005 ਵਿਚ ਉਰਦੂ ਦੇ ਸਿਰਕੱਢ ਸ਼ਾਇਰਾਂ ਫ਼ੈਜ਼ ਅਹਿਮਦ ਫ਼ੈਜ਼, ਪ੍ਰਵੀਨ ਸ਼ਾਕਿਰ, ਅਮੀਰ ਕਜ਼ਲਬਾਸ਼, ਨਿਦਾ ਫਾਜ਼ਲੀ ਤੇ ਜਾਂਨਿਸਾਰ ਅਖ਼ਤਰ ਦੀਆਂ ਰਚਨਾਵਾਂ ਦੀ ‘ਆਹਟ‘ ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਰਾਹੀਂ ਸੰਗੀਤ ਦੀਆਂ ਵਾਦੀਆਂ ਵਿਚ ਪ੍ਰਵੇਸ਼ ਕੀਤਾ। ਇਸ ਦੇ ਸੰਗੀਤ ਨਿਰਦੇਸ਼ਕ ਵੀ ਉਸਤਾਦ ਪੰਡਿਤ ਜਵਾਲਾ ਪ੍ਰਸਾਦ ਸਨ। ਇਸ ਆਹਟ ਨੇ ਡਾ: ਹਮਦਰਦ ਦੀ ਗ਼ਜ਼ਲ ਗਾਇਕੀ ਵਿਚ ਆਮਦ ਨੂੰ ਇਕ ਅਮਿੱਟ ਹਸਾਤਖ਼ਰ ਵਜੋਂ ਅੰਕਿਤ ਕਰ ਦਿੱਤਾ।
ਉਰਦੂ ਗੀਤਾਂ ਅਤੇ ਗ਼ਜ਼ਲਾਂ ਨੂੰ ਉਸਤਾਦ ਜਵਾਲਾ ਪ੍ਰਸਾਦ ਦੀ ਸੰਗੀਤ ਨਿਰਦੇਸ਼ਨਾ ਸਹਿਤ ਇਕ ਹੋਰ ਵਿਸਥਾਰ ਮਿਲਿਆ ਖੂਸ਼ਬੂ (2005) ਨਾਲ। ਇਸ ਐਲਬਮ ਵਿਚ ਵੀ ਡਾ: ਬਰਜਿੰਦਰ ਸਿੰਘ ਹਮਦਰਦ ਨੇ ਉੱਘੇ ਸ਼ਾਇਰਾਂ ਅਬਦੁਲ ਹਮੀਦ ਆਦਮ, ਸਾਹਿਰ ਲੁਧਿਆਣਵੀ, ਮੋਹੀਓਦੀਨ ਅਹਿਸਨ ਜਜ਼ਬੀ, ਫ਼ੈਜ਼ ਅਹਿਮਦ ਫ਼ੈਜ਼, ਅਮੀਰ ਕਜ਼ਲਬਾਸ਼ ਅਤੇ ਫ਼ਿਰਾਕ ਗੋਰਖਪੁਰੀ ਦੇ ਕਲਾਮ ਨੂੰ ਆਪਣੀ ਮਧੁਰ ਆਵਾਜ਼ ਰਾਹੀਂ ਅਮਰ ਕੀਤਾ।
‘ਸ਼ਰਧਾਂਜਲੀ‘ (2009) ਰਾਹੀਂ ਡਾਕਟਰ ਸਾਧੂ ਸਿੰਘ ਹਮਦਰਦ ਦੀਆਂ ਹਰਮਨ-ਪਿਆਰੀਆਂ ਗ਼ਜ਼ਲਾਂ ਨੂੰ ਗਾ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਪਿਤਰੀ ਰਿਣ ਨੂੰ ਉਤਾਰਨ ਦਾ ਇਕ ਸਫ਼ਲ ਉਪਰਾਲਾ ਕੀਤਾ। ਇਹ ਇਕ ਸਪੁੱਤਰ ਦੀ ਆਪਣੇ ਪਿਤਾ ਨੂੰ ਅਦਭੁਤ ‘ਸ਼ਰਧਾਂਜਲੀ’ ਸੀ। ਗੁਰਦੀਪ ਸਿੰਘ ਦੀ ਸੰਗੀਤ ਨਿਰਦੇਸ਼ਨਾ ਵਿਚ ਸਾਹਮਣੇ ਆਈਆਂ ਇਹ ਗ਼ਜ਼ਲਾਂ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਦੋਹਰਾ ਮਹੱਤਵ ਰੱਖਦੀਆਂ ਹਨ। ਇਕ ਤਾਂ ਉਹ ਆਪਣੇ ਮਨਾਂ ਵਿਚ ਵਸਦੇ ਪਿਛਲੀ ਸਦੀ ਦੇ ਵਿਲੱਖਣ ਗ਼ਜ਼ਲਗੋ ਡਾ: ਸਾਧੂ ਸਿੰਘ ਹਮਦਰਦ ਦੀ ਸ਼ਾਇਰੀ ਨਾਲ ਆਪਣੀ ਭਾਵੁਕ ਸਾਂਝ ਸਥਾਪਤ ਕਰਦੇ ਹਨ ਅਤੇ ਦੂਸਰੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਦਰਦ-ਭਿੰਨੀ ਆਵਾਜ਼ ਨੂੰ ਆਪਣੇ ਅੰਦਰ ਵਸਦੀ ਵੇਦਨਾ ਦੀਆਂ ਸੁਰ-ਲਹਿਰੀਆਂ ਨਾਲ ਇਕਸੁਰ ਕਰਕੇ ਆਨੰਦਿਤ ਹੁੰਦੇ ਹਨ।
ਵੱਖ-ਵੱਖ ਫ਼ਿਲਮਾਂ ਵਿਚ ਵੱਖ-ਵੱਖ ਗਾਇਕਾਂ ਵੱਲੋਂ ਗਾਏ ਗਏ ਉਘੇ ਗੀਤਾਂ ਨੂੰ ਆਵਾਜ਼ ਦੇ ਕੇ ਡਾ: ਹਮਦਰਦ ਨੇ ਇਕ ਹੋਰ ਤਜਰਬਾ ਸਾਹਮਣੇ ਲਿਆਂਦਾ ‘ਮੇਰੀ ਪਸੰਦ‘ (2015) ਸਿਰਲੇਖ ਅਧੀਨ। ਇਸ ਵਿਚ ਉਨ੍ਹਾਂ ਨੇ ਉਨ੍ਹਾਂ ਉੱਘੇ ਗੀਤਾਂ ਨੂੰ ਆਵਾਜ਼ ਦਿੱਤੀ, ਜਿਹੜੇ ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿਚ ਵਸੇ ਹੋਏ ਸਨ ਤੇ ਜਵਾਨੀ ਦੇ ਔਭੜ-ਖੋਭੜ ਰਾਹਾਂ ਵਿਚ ਵੀ ਉਨ੍ਹਾਂ ਦੇ ਨਾਲ-ਨਾਲ ਰਹੇ ਅਤੇ ਜ਼ਿੰਦਗੀ ਦੇ ਸਾਲਾਂ ਅਤੇ ਸੰਘਰਸ਼ਾਂ ਨੇ ਉਨ੍ਹਾਂ ਗੀਤਾਂ ਨਾਲ ਉਨ੍ਹਾਂ ਦਾ ਮੋਹ ਮੱਠਾ ਨਾ ਪੈਣ ਦਿੱਤਾ। ਕੁਲਜੀਤ ਸਿੰਘ ਦੀ ਸੰਗੀਤ ਨਿਰਦੇਸ਼ਨਾ ਨਾਲ ਸੰਪੰਨ ਹੋਇਆ ਇਹ ਕਾਰਜ ਸੰਗੀਤ ਰਸੀਆਂ ਨੂੰ ਅਸੀਮ ਆਨੰਦ ਦਿੰਦਾ ਹੈ।
‘ਲੋਕ ਗੀਤ‘ (2016) ਡਾ: ਬਰਜਿੰਦਰ ਸਿੰਘ ਹਮਦਰਦ ਦੀ ਗਾਇਨ ਸ਼ੈਲੀ ਦਾ ਅਜਿਹਾ ਸਿਖ਼ਰ ਹੈ, ਜਿਸ ਨੇ ਸੰਗੀਤ ਜਗਤ ਨੂੰ ਝੁੰਜਲਾ ਦਿੱਤਾ। ਸਦੀਆਂ ਤੋਂ ਪੰਜਾਬੀ ਲੋਕ-ਮਨਾਂ ਵਿਚ ਵਸਦੇ ਉਨ੍ਹਾਂ ਲੋਕ-ਗੀਤਾਂ ਨੂੰ ਇਕ ਵਿਲੱਖਣ ਅੰਦਾਜ਼ ਵਿਚ ਪੇਸ਼ ਕਰਕੇ ਡਾ: ਹਮਦਰਦ ਉਸ ਕਤਾਰ ਵਿਚ ਬਹੁਤ ਉਚੇ ਹੋ ਕੇ ਖੜ੍ਹ ਗਏ, ਜਿਥੇ-ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਰੇਸ਼ਮਾ, ਸੁਰਿੰਦਰ ਕੌਰ, ਨਰਿੰਦਰ ਬੀਬਾ ਅਤੇ ਆਲਮ ਲੁਹਾਰ ਵਰਗੇ ਲੋਕ-ਗਾਇਕ ਖੜ੍ਹੇ ਸਨ। ਅੱਠ ਦਿਲਕਸ਼ ਗੀਤਾਂ ਨੂੰ ਗੁਰਦੀਪ ਸਿੰਘ ਦੀ ਸੰਗੀਤ ਕਲਾ ਨਾਲ ਮੇਚ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ, ਜਿਸ ਨੂੰ ਸੁਣ, ਵੇਖ ਕੇ ਲੋਕ-ਸੰਗੀਤ ਦੇ ਰਸੀਏ ਅਸ਼-ਅਸ਼ ਕਰ ਉਠੇ।
ਆਪ ਨੇ 2016 ਵਿਚ ‘ਆਸਥਾ‘ ਸੰਗੀਤ ਐਲਬਮ ਰਾਹੀਂ ਆਪਣੀ ਗਾਇਕੀ ਦੇ ਸਫ਼ਰ ਨੂੰ ਇਕ ਹੋਰ ਮੁਕਾਮ ‘ਤੇ ਪਹੁੰਚਾਇਆ ਹੈ। ਇਸ ਵਿਚ ਡਾ. ਹਮਦਰਦ ਨੇ ਰੂਹਾਨੀਅਤ ਅਤੇ ਦੇਸ਼ ਭਗਤੀ ਦੀਆਂ ਉਨ੍ਹਾਂ ਸੁਰਾਂ ਨੂੰ ਸੰਗੀਤ-ਸੁਰਾਂ ਰਾਹੀਂ ਉਜਾਗਰ ਕੀਤਾ, ਜਿਹੜੀਆਂ ਸਾਡੇ ਵਿਸ਼ਵਾਸਾਂ ਅਤੇ ਸਾਡੇ ਅਕੀਦਿਆਂ ਵਿਚ ਸਦਾ ਜਿਊਂਦੀਆਂ ਹਨ। ਇਨ੍ਹਾਂ ਵਿਚ ਉਹ ਪ੍ਰਾਰਥਨਾਵਾਂ ਵੀ ਸਨ, ਜਿਹੜੀਆਂ ਭਾਰਤੀ ਜਨਮਾਨਸ ਦੀ ਉਸ ਅਰਾਧਨਾ ਵਿਚ ਸ਼ਾਮਿਲ ਹਨ, ਜਿਹੜੀਆਂ ਭਾਰਤੀ ਮਨ ਹਰ ਨਵੀਂ ਸਵੇਰ ਦੇ ਉਦੈ ਹੁੰਦਿਆਂ ਹੀ ਆਪਣੇ ਇਸ਼ਟ ਨਾਲ ਇਕਸੁਰ ਹੋਣ ਲਈ ਕਰਦਾ ਹੈ ਅਤੇ ਇਸ ਵਿਚ ਉਹ ਸੁਨੇਹਾ ਵੀ ਵਿਦਮਾਨ ਹੈ, ਜਿਹੜਾ ਸਮਾਜ ਦੀ ਬਿਹਤਰੀ ਲਈ ਹਰ ਉਸ ਵਿਅਕਤੀ ਦੇ ਅਹਿਦ ਨਾਲ ਜੁੜਿਆ ਹੋਇਆ ਹੈ, ਜਿਸ ਦੇ ਸੀਨੇ ਵਿਚ ਮਾਨਵੀ ਦਰਦ ਨਾਲ ਭਰਿਆ ਹੋਇਆ ਦਿਲ ਧੜਕਦਾ ਹੈ।
ਗੁਰਦੀਪ ਸਿੰਘ ਦੀ ਸੰਗੀਤ-ਕਲਾ ਅਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਗਾਇਨ-ਕਲਾ ਦਾ ਇਹ ਸੁੰਦਰ ਸੁਮੇਲ ਸਰੋਤਾ ਮਨ ਵਿਚ ਇਕ ਅਜਿਹਾ ਆਭਾ ਮੰਡਲ ਸਾਕਾਰ ਕਰਦਾ ਹੈ ਕਿ ਮਾਨਵੀ ਭਾਵਨਾਵਾਂ ਤਰੰਗਿਤ ਹੋ ਉਠਦੀਆਂ ਹਨ। ਇਹ ਨਿਵੇਕਲਾ ਯਤਨ ਸੰਗੀਤ ਪ੍ਰਤੀ ਮਨੁੱਖ ਦੀ ਬ੍ਰਹਿਮੰਡੀ ਆਸਥਾ ਨੂੰ ਹੋਰ ਗੂੜ੍ਹਾ ਕਰਦਾ ਹੈ।
ਆਪਣੇ ਬੇਹੱਦ ਰੁਝੇਵਿਆਂ ਭਰੇ ਜੀਵਨ ਵਿਚੋਂ ਸੰਗੀਤ ਲਈ ਸਮਾਂ ਕੱਢਦਿਆਂ ਡਾ. ਹਮਦਰਦ ਨੇ ਆਪਣੇ ਇਸ ਸ਼ੌਕ ਨੂੰ ਬੜੀ ਸ਼ਿੱਦਤ ਨਾਲ ਹੋਰ ਅੱਗੇ ਵਧਾਉਂਦਿਆਂ ਪੰਜਾਬੀ ਸੰਗੀਤ ਪ੍ਰੇਮੀਆਂ ਸਾਹਮਣੇ ਇਕ ਹੋਰ ‘ਕੁਸੁੰਭੜਾ‘ (2017) ਰੂਪੀ ਇਕ ਹੋਰ ਸੰਗੀਤਮਈ ਤੋਹਫ਼ਾ ਪੇਸ਼ ਕੀਤਾ ਹੈ। ਇਸ ਵਿਚ ਪੰਜਾਬੀ ਦੇ ਮਹਾਨ ਸੂਫ਼ੀ ਸ਼ਾਇਰ ਬਾਬਾ ਬੁੱਲ੍ਹੇਸ਼ਾਹ ਦੇ 8 ਗੀਤਾਂ ਨੂੰ ਉਨ੍ਹਾਂ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗੁਰਦੀਪ ਦੇ ਸੰਗੀਤ ਵਿਚ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੁਰੀਲੀ ਅਤੇ ਦਰਦਭਰੀ ਆਵਾਜ਼ ਦਾ ਜਾਦੂ ਇਕ ਨਵੇਂ ਅੰਦਾਜ਼ ਵਿਚ ਪ੍ਰਗਟ ਹੋਇਆ ਹੈ।
ਇਸ ਸੰਗੀਤ ਸਫ਼ਰ ਦਾ ਦਸਵਾਂ ਪੜਾਅ ‘ਸਰਘੀ‘ (2018) ਬੜੇ ਨਵੇਂ ਨਿਵੇਕਲੇ ਅੰਦਾਜ਼ ਵਿਚ ਪੇਸ਼ ਹੋਇਆ ਹੈ, ਜਿਸ ਵਿਚ ਡਾ. ਹਮਦਰਦ ਨੇ ਡਾ. ਜਗਤਾਰ ਦੀ ਸ਼ਾਇਰੀ ਵਿਚੋਂ ਪ੍ਰਤੀਨਿਧ ਗ਼ਜ਼ਲਾਂ ਚੁਣ ਕੇ ਇਕ ਨਵਾਂ ਗੁਲਦਸਤਾ ਸੰਜੋਇਆ ਹੈ ਅਤੇ ਇਨ੍ਹਾਂ ਨੂੰ ਲਾਈਵ ਗਾਇਆ ਹੈ, ਜਿਸ ਨੂੰ ਸੰਗੀਤਬੱਧ ਕੀਤਾ ਹੈ ਉੱਘੇ ਸੰਗੀਤਕਾਰ ਪੰਡਿਤ ਜਵਾਲਾ ਪ੍ਰਸਾਦ ਨੇ।
ਸੂਫ਼ੀ ਸ਼ਾਇਰਾਂ ਵਿਚੋਂ ਬੁੱਲ੍ਹੇ ਸ਼ਾਹ ਇਕ ਅਜਿਹਾ ਅਲਬੇਲਾ ਸ਼ਾਇਰ ਹੈ, ਜਿਨ੍ਹਾਂ ਦੀ ਸ਼ਾਇਰੀ ਇਸ਼ਕ ਹਕੀਕੀ ਦੀਆਂ ਰੂਹਾਨੀ ਰਮਜ਼ਾਂ ਦੀ ਸ਼ਬਦ ਮਾਲਾ ਰਾਹੀਂ ਪਿਆਰ, ਪੂਜਾ ਦੇ ਉਹ ਇਲਾਹੀ ਦੁਆਰ ਖੋਲ੍ਹਦੀ ਹੈ, ਜੋ ਸਵਰਗ ਦੇ ਝਲਕਾਰਿਆਂ ਵਾਂਗ ਸਾਨੂੰ ਅਨੰਦਿਤ ਕਰਦੇ ਹਨ। ਡ: ਬਰਜਿੰਦਰ ਸਿੰਘ ਹਮਦਰਦ ਨੇ ਇਨ੍ਹਾਂ ‘ਰੂਹਾਨੀ ਰਮਜ਼ਾਂ‘ (2019) ਨੂੰ ਆਪਣੀ ਸੋਜ਼ ਭਰੀ ਆਵਾਜ਼ ਦੇ ਕੇ ਇਕ ਵਾਰ ਫਿਰ ਸ਼ਾਇਰੀ ਅਤੇ ਸੰਗੀਤ ਦਾ ਸੁੰਦਰ ਸੁਮੇਲ ਸਾਡੇ ਸਨਮੁੱਖ ਕੀਤਾ ਹੈ। ਬਾਬਾ ਬੁੱਲ੍ਹੇ ਸ਼ਾਹ ਦੀਆਂ 8 ਅਣਗੌਲੀਆਂ ਕਾਫ਼ੀਆਂ ਦਾ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਸਿਰਜਿਆ ਇਹ ਅਜੀਮ ਸੁਰਮੰਡਲ ਇਕ ਅਦਭੁਤ ਕ੍ਰਿਸ਼ਮਾ ਹੈ। ਇਸ ਦਾ ਸੰਗੀਤ ਵੀ ਗੁਰਦੀਪ ਸਿੰਘ ਨੇ ਦਿੱਤਾ ਹੈ।
2019 ਦਾ ਸਾਲ ਡਾ. ਬਰਜਿੰਦਰ ਸਿੰਘ ਹਮਦਰਦ ਦੀਆਂ ਇਕ ਤੋਂ ਬਾਅਦ ਇਕ ਐਲਬਮਾਂ ਦੀ ਲੜੀ ਦਾ ਸਾਲ ਸੀ। ‘ਰੂਹਾਨੀ ਰਮਜ਼ਾਂ‘ ਦੇ ਨਾਲ ਹੀ ਪੰਜਾਬੀ ਦੇ ਅਲਬੇਲੇ ਕਵੀ ਸੋਹਣ ਸਿੰਘ ਮੀਸ਼ਾ ਦੀਆਂ ਗ਼ਜ਼ਲਾਂ ਦੇ ਕਰਤਾਰੀ ਜਲਵੇ ਨੂੰ, ਸੁਰ ਅਤੇ ਸੰਗੀਤ ਦੇ ਸੰਗਮ ਦੀਆਂ ਬੁਲੰਦੀਆਂ ਬਖ਼ਸ਼ਣਾ ਡਾ. ਬਰਜਿੰਦਰ ਸਿੰਘ ਹਮਦਰਦ ਦਾ ਅਦਭੁਤ ਕ੍ਰਿਸ਼ਮਾ ਸੀ। ‘ਜੁਗਨੂੰ‘, ‘ਦਰਦ-ਏ-ਦਿਲ‘, ‘ਦਾਸਤਾਨ‘ ਅਤੇ ‘ਸੰਵੇਦਨਾ‘ ਸਿਰਲੇਖਾਂ ਵਾਲੀਆਂ ਇਨ੍ਹਾਂ ਚਾਰ ਐਲਬਮਾਂ ਰਾਹੀਂ ਸੋਹਣ ਸਿੰਘ ਮੀਸ਼ਾ ਦੀਆਂ ਗ਼ਜ਼ਲਾਂ ਨੂੰ ਗਾਇਕੀ ਦਾ ਇਕ ਨਿਵੇਕਲਾ ਮੁਕਾਮ ਮਿਲ ਗਿਆ। ਇਹ ਸ਼ਾਇਰੀ ਮਾਨਵੀ ਭਾਵਨਾਵਾਂ ਦੀ ਉਹ ਜ਼ਬਾਨ ਹੈ, ਜਿਸ ਵਿਚ ਪੰਜਾਬੀਅਤ ਦਾ ਦਰਦ ਹੈ। ਪੰਜਾਬ ਦੇ ਵਲੂੰਧਰੇ ਹੋਏ ਦਿਲ ਦੀ ਹੂਕ ਹੈ।ਜਜ਼ਬਿਆਂ ਵਾਂਗ ਧੜਕਦੇ ਮੀਸ਼ਾ ਦੇ ਸ਼ਬਦਾਂ ਵਿਚ ਜਜ਼ਬ ਹੋ ਕੇ ਗਾਈਆਂ ਇਹ ਗ਼ਜ਼ਲਾਂ ਸਹਿਜ ਰੂਪ ਵਿਚ ਹੀ ਸੁਣਨ ਵਾਲੇ ਦੇ ਮਨ ਵਿਚ ਉੱਤਰਦੀਆਂ ਜਾਂਦੀਆਂ ਹਨ। ਡਾਕਟਰ ਬਰਜਿੰਦਰ ਸਿੰਘ ਦੇ ਸੂਖ਼ਮ ਹਿਰਦੇ ਵਿਚ ਵਸਦੀ ਸੰਗੀਤ ਦੀ ਝਰਨਾਹਟ ਨੇ ਮੀਸ਼ਾ ਦੀ ਸੰਵੇਦਨਸ਼ੀਲ ਸ਼ਾਇਰੀ ਨਾਲ ਇਕਸੁਰ ਹੋ ਕੇ ਸੁਰ, ਸੰਗੀਤ ਅਤੇ ਸ਼ਾਇਰੀ ਦੀ ਉਹ ਤ੍ਰਿਵੈਣੀ ਸਾਕਾਰ ਕਰ ਦਿੱਤੀ, ਜਿਸ ਨੂੰ ਸੁਣਨ ਦੀ ਚਾਹਤ ਹਰ ਸੰਗੀਤ ਰਸੀਏ ਨੂੰ ਹੁੰਦੀ ਹੈ।
ਸਾਲ 2020 ਵਿਚ ਡਾਕਟਰ ਹਮਦਰਦ ਇਕ ਵਾਰ ਫੇਰ ਸੂਫ਼ੀ ਰੰਗਾਂ ਵੱਲ ਪਰਤੇ। ਸੁਲਤਾਨ ਬਾਹੂ ਅਤੇ ਮੀਆਂ ਮੁਹੰਮਦ ਬਖ਼ਸ਼ ਦੀਆਂ ਰਚਨਾਵਾਂ ਦੀਆਂ ਸੂਖ਼ਮ ਪਰਤਾਂ ਨੂੰ ਸਹਿਜ ਸੰਗੀਤ-ਸੁਰਾਂ ਨਾਲ ਇਕਮਿਕ ਕਰਕੇ ਡਾ. ਹਮਦਰਦ ਨੇ ਆਪਣੀ ਗਾਇਨ-ਸ਼ੈਲੀ ਦੀ ਇਕ ਹੋਰ ਸਿਖ਼ਰ ਸਥਾਪਤ ਕਰ ਦਿੱਤੀ। ‘ਮਾਣ ਨਾ ਕੀਜੈ‘ ਸਿਰਲੇਖ ਹੇਠ ਇਨ੍ਹਾਂ ਰਚਨਾਵਾਂ ਨੂੰ ਐਲਬਮ-ਬੱਧ ਕਰਦਿਆਂ ਉੱਘੇ ਸੰਗੀਤਕਾਰ ਗੁਰਦੀਪ ਨੇ ਅਜਿਹੀਆਂ ਧੁਨਾਂ ਤਲਾਸ਼ੀਆਂ, ਜੋ ਸਰੋਤੇ ਨੂੰ ਸੁਣਨ-ਸਮਾਧੀ ਵਿਚ ਲੀਨ ਕਰ ਦਿੰਦੀਆਂ ਹਨ। ਲੋਕ-ਮਨਾਂ ਦੀ ਤਰਜਮਾਨੀ ਕਰਦੀ ਇਹ ਸੂਫ਼ੀ ਸ਼ਾਇਰੀ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੋਜ਼ ਭਰੀ ਆਵਾਜ਼ ਰਾਹੀਂ ਅਦਭੁਤ ਅਨੰਦ ਦਿੰਦੀ ਹੈ।
2021 ਚੜ੍ਹਦਿਆਂ ਹੀ ਡਾਕਟਰ ਬਰਜਿੰਦਰ ਸਿੰਘ ਹਮਦਰਦ ‘ਦੇਸ ਪੰਜਾਬ‘ ਐਲਬਮ ਨਾਲ ਹਾਜ਼ਰ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ, ਭਾਵ ਅੱਜ ਤੋਂ ਕੋਈ ਡੇਢ ਸਦੀ ਪਹਿਲਾਂ ਲਿਖੀਆਂ ਗਈਆਂ ਰਚਨਾਵਾਂ ਵਿਚ ਵਿਦਮਾਨ ਪੰਜਾਬੀਅਤ ਦੇ ਸੰਕਲਪ ਨੂੰ ਆਵਾਜ਼ ਰਾਹੀਂ ਸਾਕਾਰ ਕਰਨ ਦਾ ਇਹ ਯਤਨ ਵੀ ਨਿਵੇਕਲਾ ਹੈ। ‘ਦੇਸ ਪੰਜਾਬ’ ਇਕ ਗਤੀਸ਼ੀਲ ਵਰਤਾਰਾ ਹੈ, ਜਿਸ ਦਾ ਗੌਰਵ ਪੰਜਾਬੀ ਕਵਿਤਾ ਦਾ ਪ੍ਰਮੁੱਖ ਵਿਸ਼ਾ ਹੈ। ਸ਼ਾਹ ਮੁਹੰਮਦ, ਬਾਂਕੇ ਦਿਆਲ, ਫ਼ਿਰੋਜ਼ਦੀਨ ਸ਼ਰਫ਼ ਅਤੇ ਧਨੀ ਰਾਮ ਚਤ੍ਰਿਕ ਨੇ ਪੰਜਾਬ ਦੇ ਗੌਰਵ ਅਤੇ ਪੰਜਾਬੀਆਂ ਦੇ ਹਿਰਦੇ ਵਿਚ ਵਸਦੇ ਲੋਕਾਈ ਦੇ ਦਰਦ ਨੂੰ, ਜੋ ਸ਼ਬਦ ਦਿੱਤੇ, ਡਾ. ਬਰਜਿੰਦਰ ਸਿੰਘ ਹਮਦਰਦ ਨੇ ਉਨ੍ਹਾਂ ਸ਼ਬਦਾਂ ਨੂੰ ਆਪਣੀ ਸੋਜ਼ ਭਰੀ ਆਵਾਜ਼ ਅਤੇ ਸੁਰ-ਸੁਹਜ ਨਾਲ ਲਬਰੇਜ਼ ਕਰਕੇ ਸੁਰ-ਲਹਿਰੀਆਂ ਦਾ ਇਕ ਅਜਬ ਆਭਾ ਮੰਡਲ ਸਿਰਜ ਦਿੱਤਾ। ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੂੰ ਦੇਸ਼ ਕਾਲ ਦੀਆਂ ਹੱਦਾਂ ਉਲੰਘ ਕੇ ਸਰਬ-ਵਿਆਪੀ ਸੰਦੇਸ਼ ਦਿੰਦੀਆਂ ਇਨ੍ਹਾਂ ਰਚਨਾਵਾਂ ਨੂੰ, ਗਾਇਕੀ ਦੇ ਗੌਰਵ ਵਿਚ ਢਾਲ ਕੇ ਰਚੇ ਗਏ ਇਸ ਇਤਿਹਾਸ ਨੇ, ਪੰਜਾਬ ਦੇ ਗੌਰਵ ਨੂੰ ਮੁੜ ਜਗਾ ਦਿੱਤਾ।
ਇਸ ਤਰ੍ਹਾਂ ਸਤਾਰਾਂ ਸੰਗੀਤ ਐਲਬਮਾਂ ਤੱਕ ਫੈਲਿਆ ਹੋਇਆ ਇਹ ਸੰਗੀਤ-ਸਮੁੰਦਰ ਪੰਜਾਬੀਅਤ ਦੇ ਵਿਭਿੰਨ ਰੰਗਾਂ ਦੀ ਉਹ ਰੰਗ-ਸ਼ਾਲਾ ਹੈ, ਜੋ ਸਾਨੂੰ ਸੰਗੀਤ ਲਹਿਰੀਆਂ ਅਤੇ ਸੁਰ ਮੰਡਲਾਂ ਨਾਲ ਇਕਸੁਰ ਕਰਦੀ ਹੋਈ, ਪੰਜਾਬੀ ਹੋਣ ਦੇ ਮਾਣ ਨਾਲ ਭਰਦੀ ਹੈ ਅਤੇ ਡਾਕਟਰ ਬਰਿਜੰਦਰ ਸਿੰਘ ਹਮਦਰਦ ਨੂੰ ਗਾਇਕੀ ਦੇ ਗੌਰਵ ਵਜੋਂ ਸਥਾਪਤ ਕਰਦੀ ਹੈ।